ਸਰਬਜੀਤ ਸਿੰਘ ਭੱਟੀ
ਲਾਲੜੂ, 14 ਮਈ
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਟੌਲ ਪਲਾਜ਼ਾ ਦੱਪਰ ਵਿਖੇ ਅੱਜ ਮੁਸਲਿਮ ਭਾਈਚਾਰੇ ਨਾਲ ਮਿਲ ਕੇ ਈਦ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਕਿਸਾਨਾਂ ਨੂੰ ਪੂਰਨ ਤੌਰ ’ਤੇ ਸਮਰਥਨ ਦੇਣ ਦਾ ਭਰੋਸਾ ਦਿੰਦੇ ਹੋਏ ਕਿਹਾ ਕਿ ਉਹ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਚਲਦੇ ਹਮੇਸ਼ਾ ਕਿਸਾਨਾਂ ਤੇ ਮਜ਼ਦੂਰਾਂ ਨਾਲ ਖੜ੍ਹਨਗੇ। ਉਨ੍ਹਾਂ ਟੌਲ ਪਲਾਜ਼ਾ ਤੇ ਕਿਸਾਨਾਂ ਨੂੰ ਮਿਠਾਇਆਂ ਵੰਡੀਆਂ ਅਤੇ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਕਿਸਾਨ ਆਗੂ ਮਨਪ੍ਰੀਤ ਸਿੰਘ ਅਮਲਾਲਾ, ਨਿਰਮੈਲ ਸਿੰਘ ਜੌਲਾ, ਕਰਮ ਸਿੰਘ ਬਰੌਲੀ, ਬਲਜਿੰਦਰ ਸਿੰਘ ਚਡਿਆਲਾ, ਸ਼ੇਰ ਸਿੰਘ ਦੱਪਰ, ਸੋਕਤ ਅਲੀ, ਯਾਸੀਨ ਖਾਨ, ਮਾਮਦੀਨ, ਰੁਲਦਾ ਖਾਨ, ਨਵੀ ਮੁਹੰਮਦ, ਸ਼ਰੀਫ ਅਹਿਮਦ, ਰਹਿਮਤਦੀਨ ਸਮੇਤ ਅਨੇਕਾ ਹੋਰ ਆਗੂ ਮੌਜੂਦ ਸਨ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪੇ੍ਰਕ): ਈਦ ਮੌਕੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਰੌਜ਼ਾ ਸਰੀਫ ਫ਼ਤਹਿਗੜ੍ਹ ਸਾਹਿਬ ਵਿਖੇ ਸਿਜਦਾ ਕੀਤਾ ਅਤੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਈਦ ਦੇ ਪਵਿੱਤਰ ਦਿਹਾੜੇ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕਰਨ ਦੇ ਨਾਲ-ਨਾਲ ਉੱਥੇ ਮੈਡੀਕਲ ਕਾਲਜ ਅਤੇ ਹਸਪਤਾਲ ਤੇ ਹੋਰ ਬਹੁਤ ਸਾਰੀਆਂ ਸਹੂਲਤਾਂ ਦਾ ਐਲਾਨ ਕੀਤਾ ਹੈ, ਜਿਸ ਨਾਲ ਸੂਬੇ ਦੀ ਤਰੱਕੀ ਹੋਰ ਤੇਜ਼ ਹੋਵੇਗੀ। ਇਸ ਮੌਕੇ ਘੱਟ ਗਿਣਤੀ ਸੈਲ ਫ਼ਤਹਿਗੜ੍ਹ ਸਾਹਿਬ ਦੇ ਚੇਅਰਮੈਨ ਸੈਫ ਅਹਿਮਦ, ਮੌਜੀ ਆਦਿ ਹਾਜ਼ਰ ਸਨ।
ਸਿਹਤ ਮੰਤਰੀ ਵੱਲੋਂ ਮੁਸਲਿਮ ਭਾਈਚਾਰੇ ਨੂੰ ਈਦ ਦੀ ਵਧਾਈ
ਐਸ.ਏ.ਐਸ. ਨਗਰ (ਪੱਤਰ ਪੇ੍ਰਕ): ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਈਦ ਦੇ ਪਵਿੱਤਰ ਦਿਹਾੜੇ ਮੌਕੇ ਅੱਜ ਨੇੜਲੇ ਪਿੰਡਾਂ ਕੁੰਭੜਾ, ਮੌਲੀ ਬੈਦਵਾਨ, ਮਟੌਰ ਅਤੇ ਸਨੇਟਾ ਦੇ ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਨਿੱਜੀ ਤੌਰ ’ਤੇ ਮੁਲਾਕਾਤ ਕਰਕੇ ਉਨ੍ਹਾਂ ਨੂੰ ਈਦ ਦੀ ਵਧਾਈ ਦਿੱਤੀ। ਕਿਉਂਕਿ ਇਸ ਸਾਲ ਵੀ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਮੁਸਲਿਮ ਭਾਈਚਾਰੇ ਵੱਲੋਂ ਮਸਜਿਦਾਂ ਵਿੱਚ ਵੱਡੇ ਸਮਾਗਮ ਨਹੀਂ ਕੀਤੇ ਗਏ ਸਗੋਂ ਆਪੋ ਆਪਣੇ ਘਰਾਂ ਵਿੱਚ ਨਮਾਜ਼ ਪੜੀ ਗਈ ਅਤੇ ਨਿੱਜੀ ਤੌਰ ’ਤੇ ਇਕ ਦੂਜੇ ਨੂੰ ਮਿਲ ਕੇ ਈਦ ਦੀ ਮੁਬਾਰਕਬਾਦ ਦਿੱਤੀ।