ਪੱਤਰ ਪੇ੍ਰਕ
ਮਾਲੇਰਕੋਟਲਾ, 7 ਸਤੰਬਰ
ਨਰਸਿੰਗ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਸੱਦੇ ‘ਤੇ ਸਥਾਨਕ ਸਿਵਲ ਹਸਪਤਾਲ ਦੀਆਂ ਨਰਸਾਂ ਨੇ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਕਮੇਟੀ ਦੀ ਆਗੂ ਦਰਸ਼ਨਾ ਤੇ ਕਿਰਨਪਾਲ ਕੌਰ ਨੇ ਕਿਹਾ ਕਿ ਨਰਸਾਂ ਦੀਆਂ ਜਾਇਜ਼ ਮੰਗਾਂ, ਜਿਨ੍ਹਾਂ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨਾ, ਕੰਟਰੈਕਟ, ਆਊਟ ਸੋਰਸਿਸ, ਐੱਨਐੱਚਐਮ ਤੇ ਵੱਖ-ਵੱਖ ਸਕੀਮਾਂ ਅਧੀਨ ਕੰਮ ਕਰਦੀਆਂ ਸਟਾਫ ਨਰਸਿਜ਼ ਨੂੰ ਪੱਕਾ ਕਰਨਾ, ਨਰਸਿਜ਼ ਕੇਡਰ ਦੇ ਅਹੁਦੇ ਦਾ ਨਾਂ ਬਦਲਣਾ, ਨਰਸਿੰਗ ਅਲਾਊਂਸ ਅਤੇ ਸਫ਼ਰੀ ਭੱਤਾ ਹਰ ਸਾਲ ਸੀਨੀਅਰਤਾ ਸੂਚੀ ਵਿਚ ਸੋਧ ਕਰਕੇ ਪੱਦਉਨਤੀ ਕਰਨਾ, ਨਵੇਂ ਭਰਤੀ ਹੋਈ ਸੈਂਟਰ ਸਟਾਫ ਨਰਸਿਸ ਦੀ ਪੇਅ 44,500 ਕਰਨਾ ਸ਼ਾਮਲ ਹਨ। ਆਗੂਆਂ ਕਿਹਾ ਕਿ ਪੰਜਾਬ ਸਰਕਾਰ ਨਰਸਾਂ ਦੀਆਂ ਮੰਗ ਮੰਨਣ ਦੀ ਬਜਾਏ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਆਗੂਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਜਲਦ ਨਾ ਕੀਤਾ ਗਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਜਸਪ੍ਰੀਤ ਕੌਰ, ਹਰਸਿਮਰਨ ਕੌਰ, ਹਰਵੀਰ ਕੌਰ, ਗੁਰਜੀਤ ਕੌਰ, ਸੁਖਪ੍ਰੀਤ ਕੌਰ, ਅਮਨਦੀਪ ਕੌਰ, ਅਮਰਿੰਦਰ ਕੌਰ, ਦਲਜੀਤ ਕੌਰ, ਗੁਰਦੀਪ ਕੌਰ, ਸਿਮਰਨ ਕੌਰ ਆਦਿ ਵੀ ਮੌਜੂਦ ਸਨ।