ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 1 ਜਨਵਰੀ
ਇੱਥੇ ਜਿਸਤ-ਟਾਂਕ ਸਕੀਮ ਤੋਂ ਨਾਰਾਜ਼ ਵਪਾਰੀਆਂ ਵੱਲੋਂ ਅੱਜ ਐੱਲਜੀ ਅਨਿਲ ਬੈਜਲ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖਿਆ ਗਿਆ। ਸਰੋਜਨੀ ਨਗਰ, ਲਾਜਪਤ ਨਗਰ, ਚਾਂਦਨੀ ਚੌਕ ਤੇ ਸਦਰ ਬਾਜ਼ਾਰ ਸਮੇਤ ਪ੍ਰਸਿੱਧ ਬਾਜ਼ਾਰਾਂ ਦੇ ਵਪਾਰੀਆਂ, ਦੁਕਾਨਦਾਰਾਂ ਨੇ ਕਿਹਾ ਕਿ ਕੋਵਿਡ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਣ ਵਿਚਕਾਰ ਔਡ-ਈਵਨ ਨਿਯਮ ਲਾਗੂ ਹੋਣ ਕਾਰਨ ਉਨ੍ਹਾਂ ਦੇ ਕਾਰੋਬਾਰ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਡਰਦੇ ਹਨ ਕਿ ਪੂਰੀ ਤਰ੍ਹਾਂ ਅਗਲਾ ਕਦਮ ਲੌਕਡਾਊਨ ਹੋਵੇਗਾ। ਇਸ ਨਾਲ ਵੱਡੇ ਵਿੱਤੀ ਨੁਕਸਾਨ ਤੇ ਬੇਰੁਜ਼ਗਾਰੀ ਵੱਲ ਇਸ਼ਾਰਾ ਕਰਦੇ ਹੋਏ ਵਪਾਰੀਆਂ ਤੇ ਮਾਰਕੀਟ ਐਸੋਸੀਏਸ਼ਨਾਂ ਨੇ ਇਸ ਦੀ ਥਾਂ ਦਿੱਲੀ ਸਰਕਾਰ ਨੂੰ ਗੈਰ-ਕਾਨੂੰਨੀ ਹਾਕਰਾਂ ਨੂੰ ਹਟਾਉਣ ਤੇ ਭੀੜ ਨੂੰ ਕਾਬੂ ਕਰਨ ਲਈ ਮੁਹਿੰਮ ਨੂੰ ਮਜ਼ਬੂਤ ਕਰਨ ਦੀ ਬੇਨਤੀ ਕੀਤੀ ਹੈ। ਸਰੋਜਨੀ ਨਗਰ ਮਿਨੀ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਰੰਧਾਵਾ ਨੇ ਕਿਹਾ ਕਿ ਵਪਾਰੀ ਤੇ ਦੁਕਾਨਦਾਰ ਦਸੰਬਰ ਤੇ ਜਨਵਰੀ ਦਾ ਇੰਤਜ਼ਾਰ ਕਰਦੇ ਹਨ ਕਿਉਂਕਿ ਤਿਉਹਾਰਾਂ ਦੇ ਮੌਸਮ ਤੇ ਸਰਦੀਆਂ ਦੀ ਆਮਦ ਕਾਰਨ ਵਿਕਰੀ ਵਧ ਜਾਂਦੀ ਹੈ। ਸਰਦੀਆਂ ਦੇ ਕੱਪੜਿਆਂ ਦਾ ਸਟਾਕ ਆ ਗਿਆ ਹੈ ਤੇ ਵਿਆਹਾਂ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਜਿਸਤ-ਟਾਂਕ ਦਾ ਮਤਲਬ ਹੈ ਵਪਾਰੀਆਂ ਤੇ ਉਨ੍ਹਾਂ ਸਟਾਫ ਲਈ ਪੂਰਾ ਨੁਕਸਾਨ, ਜਿਨ੍ਹਾਂ ਦੀਆਂ ਜ਼ਿੰਦਗੀ ਇਨ੍ਹਾਂ ਵਿਕਰੀਆਂ ’ਤੇ ਪੂਰੀ ਤਰ੍ਹਾਂ ਨਿਰਭਰ ਹੈ। ਸ੍ਰੀ ਰੰਧਾਵਾ ਨੇ ਕਿਹਾ ਕਿ ਜਿਸਤ-ਟਾਕ ਸਕੀਮ ਉਦੋਂ ਤੱਕ ਭੀੜ ਪ੍ਰਬੰਧਨ ਵਿੱਚ ਮਦਦ ਨਹੀਂ ਕਰੇਗੀ ਜਦੋਂ ਤੱਕ ਸਰਕਾਰ ਅਤੇ ਨਵੀਂ ਦਿੱਲੀ ਮਿਉਂਸਪਲ ਕੌਂਸਲ (ਐੱਨਡੀਐੱਮਸੀ) ਨਾਜਾਇਜ਼ ਕਬਜ਼ਿਆਂ ਤੇ ਹਾਕਰਾਂ ਨੂੰ ਖਾਲੀ ਨਹੀਂ ਕਰ ਦਿੰਦੀਆਂ, ਲਗਪਗ 2,500 ਗੈਰਕਾਨੂੰਨੀ ਹਾਕਰ ਹਨ ਜੋ ਭੀੜ ਦਾ ਮੁੱਖ ਕਾਰਨ ਹਨ।
ਲੋਕਾਂ ਨੇ ਨਹੀਂ ਕੀਤੀ ਕਰੋਨਾ ਦੀ ਪ੍ਰਵਾਹ, ਬਾਜ਼ਾਰਾਂ ਵਿੱਚ ਰਹੀ ਭੀੜ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਦੇ ਬਾਜ਼ਾਰਾਂ ਵਿੱਚ ਲੋਕਾਂ ਦੀ ਅੱਜ ਕਾਫ਼ੀ ਭੀੜ ਦੇਖੀ ਗਈ। ਇਨ੍ਹਾਂ ਵਿੱਚ ਬਿਨਾਂ ਮਾਸਕਾਂ ਖਰੀਦਦਾਰੀ ਕਰਨ ਵਾਲਿਆਂ ਦੀ ਗਿਣਤੀ ਜ਼ਿਆਦਾ ਸੀ। ਪੁਲੀਸ ਵੱਲੋਂ ਵੀ ਬਹੁਤੀ ਸਖ਼ਤੀ ਨਹੀਂ ਕੀਤੀ ਜਾਂਦੀ ਜਦੋਂ ਕਿ ਬਿਨਾਂ ਮਾਸਕ 2 ਹਜ਼ਾਰ ਰੁਪਏ ਜੁਰਮਾਨਾ ਕੀਤਾ ਜਾ ਸਕਦਾ ਹੈ। ਦੁਕਾਨਾਦਾਰਾਂ ਵੱਲੋਂ ਵੀ ਗਾਹਕੀ ਕਾਰਨ ਲੋਕਾਂ ਨੂੰ ਦੁਕਾਨਾਂ ਉਪਰ ਭੀੜ ਨਾ ਕਰਨ ਤੋਂ ਰੋਕਿਆ, ਟੋਕਿਆ ਨਹੀਂ ਜਾ ਰਿਹਾ। ਦੁਕਾਨਦਾਰਾਂ ਨੇ ਕਿਹਾ ਕਿ ਠੰਢ ਦਾ ਮੌਸਮ ਹੋਣ ਕਰਕੇ ਲੋਕ ਸਰਦੀਆਂ ਦੇ ਕੱਪੜੇ ਖਰੀਦਣ ਲਈ ਸਰੋਜਨੀ ਨਗਰ, ਚਾਂਦਨੀ ਚੌਕ ਤੇ ਕਰੋਲ ਬਾਗ਼ ਵਰਗੇ ਬਾਜ਼ਾਰਾਂ ਵਿੱਚ ਭੀੜ ਰਹਿੰਦੀ ਹੈ। ਰਾਤ ਨੂੰ ਕਰਫਿਊ 1 ਵਜੇ ਸ਼ੁਰੂ ਹੋ ਜਾਂਦਾ ਹੈ ਜਿਸ ਕਰਕੇ ਲੋਕ ਕਾਹਲੀ ਨਾਲ ਖਰੀਦਦਾਰੀ ਕਰਨ ਨੂੰ ਤਰਜੀਹ ਦਿੰਦੇ ਹਨ।
600 ਤੋਂ ਵੱਧ ਲੋਕਾਂ ਦੇ ਚਲਾਨ ਕੱਟੇ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਟ੍ਰੈਫਿਕ ਪੁਲੀਸ ਨੇ ਨਵੇਂ ਸਾਲ ਦੀ ਪੂਰਵ ਸੰਧਿਆ ’ਤੇ 600 ਤੋਂ ਵੱਧ ਲੋਕਾਂ ਨੂੰ ਸ਼ਰਾਬ ਪੀ ਕੇ ਤੇ ਖਤਰਨਾਕ ਡਰਾਈਵਿੰਗ ਵਰਗੀਆਂ ਉਲੰਘਣਾਵਾਂ ਲਈ ਜੁਰਮਾਨਾ ਕੀਤਾ ਹੈ। ਪੁਲੀਸ ਅਨੁਸਾਰ ਸ਼ਰਾਬ ਪੀ ਕੇ ਗੱਡੀ ਚਲਾਉਣ ਲਈ 36, ਖਤਰਨਾਕ ਡਰਾਈਵਿੰਗ ਲਈ 103, ਬਿਨਾਂ ਹੈਲਮੇਟ ਦੇ 370, ਤੀਹਰੀ ਸਵਾਰੀ ਲਈ 48 ਤੇ ਹੋਰ ਉਲੰਘਣਾਵਾਂ ਲਈ 100 ਚਲਾਨ ਕੀਤੇ ਗਏ ਹਨ। ਦਿੱਲੀ ਟ੍ਰੈਫਿਕ ਪੁਲੀਸ ਨੇ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਟ੍ਰੈਫਿਕ ਉਲੰਘਣਾਵਾਂ ਤੋਂ ਬਚਣ ਲਈ ‘ਐਸਓਪੀਜ਼’ ਜਾਰੀ ਕੀਤੇ ਸਨ। ਉਨ੍ਹਾਂ ਦੱਸਿਆ ਕਿ ਜਾਰੀ ਕੀਤੇ ਚਲਾਨਾਂ ਦੀ ਕੁੱਲ ਗਿਣਤੀ 657 ਹੈ।