ਜੈਪੁਰ: ਰਾਜਸਥਾਨ ਦੇ ਜ਼ਿਲ੍ਹਾ ਸਵਾਈ ਮਾਧੋਪੁਰ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਬਹੁਤ ਉਡੀਕੇ ਜਾ ਰਹੇ ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਦੇ ਵਿਆਹ ਤੋਂ ਪਹਿਲਾਂ ਤਿਆਰੀਆਂ ਸਬੰਧੀ ਮੀਟਿੰਗ ਕੀਤੀ। ਹਾਲਾਂਕਿ ਕਿਸੇ ਅਧਿਕਾਰੀ ਨੇ ਉਨ੍ਹਾਂ ਦੇ ਵਿਆਹ ਦੀ ਪੁਸ਼ਟੀ ਨਹੀਂ ਕੀਤੀ ਪਰ ਕੁਝ ਰਿਪੋਰਟਾਂ ਅਨੁਸਾਰ ਰਾਜਸਥਾਨ ਦੇ ਇੱਕ ਰਿਜ਼ੌਰਟ ਵਿੱਚ ਇਹ ਵਿਆਹ ਹੋਣਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮੀਟਿੰਗ ਦੌਰਾਨ ਚਾਰ ਦਿਨ ਚੱਲਣ ਵਾਲੇ ਇਸ ਸਮਾਗਮ ਦੌਰਾਨ ਅਮਨ ਕਾਨੂੰਨ ਦੀ ਵਿਵਸਥਾ ਬਣਾਈ ਰੱਖਣ ਸਬੰਧੀ ਚਰਚਾ ਕੀਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮਾਗਮ ਦੇ ਪ੍ਰਬੰਧਕਾਂ ਨੇ ਵੀ ਇਸ ਮੀਟਿੰਗ ਵਿੱਚ ਹਿੱਸਾ ਲਿਆ। ਡਿਪਟੀ ਕਮਿਸ਼ਨਰ ਰਾਜੇਂਦਰ ਕਿਸ਼ਨ ਨੇ ਆਖਿਆ ਕਿ ਇਹ ਮੀਟਿੰਗ ਵਿਆਹ ਸਮਾਰੋਹ ਦੌਰਾਨ ਆਵਾਜਾਈ ਆਮ ਵਾਂਗ ਚੱਲਦਾ ਰੱਖਣ ਲਈ ਤਾਲਮੇਲ ਬਣਾਉਣ ਅਤੇ ਟਰਾਂਸਪੋਰਟ ਬਾਰੇ ਸੀ। ਉਨ੍ਹਾਂ ਆਖਿਆ ਕਿ ਮਹਿਮਾਨਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਨ੍ਹਾਂ ਦੇ ਕਰੋਨਾ ਰੋਕੂ ਵੈਕਸੀਨ ਦੇ ਦੋ ਟੀਕੇ ਲੱਗੇ ਹੋਣੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਜੇਕਰ ਕਿਸੇ ਨੇ ਕਰੋਨਾ ਰੋਕੂ ਟੀਕਾ ਨਹੀਂ ਲਗਵਾਇਆ ਤਾਂ ਉਨ੍ਹਾਂ ਲਈ ਆਰਟੀਪੀਸੀਆਰ ਟੈਸਟ ਕਰਵਾਉਣਾ ਲਾਜ਼ਮੀ ਹੈ। ਉਨ੍ਹਾਂ ਆਖਿਆ, ‘‘ਜਿੰਨੀ ਕੁ ਜਾਣਕਾਰੀ ਸਾਨੂੰ ਦਿੱਤੀ ਗਈ ਹੈ ਉਸ ਅਨੁਸਾਰ 7 ਤੋਂ 10 ਦਸੰਬਰ ਤੱਕ ਚੱਲਣ ਵਾਲੇ ਇਸ ਚਾਰ ਰੋਜ਼ਾ ਵਿਆਹ ਸਮਾਰੋਹ ’ਚ 120 ਮਹਿਮਾਨ ਸ਼ਿਰਕਤ ਕਰਨਗੇ।’’ ਵਿਆਹ ਦੀਆਂ ਰਸਮਾਂ ਕਸਬਾ ਚੌਥ ਕਾ ਬਰਵਾੜਾ ਸਥਿਤ ‘ਸਿਕਸ ਸੈਂਸਿਜ਼ ਫੋਰਟ’ ਵਿੱਚ ਹੋਣਗੀਆਂ। ਹਾਲਾਂਕਿ ਕੌਸ਼ਲ ਤੇ ਕੈਫ ਨੇ ਹੁਣ ਤੱਕ ਆਪਣੇ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਇਹ ਸੂਚਨਾ ਮਿਲੀ ਹੈ ਕਿ ਗੀਤ-ਸੰਗੀਤ, ਮਹਿੰਦੀ ਤੇ ਵਿਆਹ ਦੀਆਂ ਰਸਮਾਂ ਕ੍ਰਮਵਾਰ 7, 8 ਅਤੇ 9 ਦਸੰਬਰ ਨੂੰ ਇਥੇ ਹੀ ਹੋਣਗੀਆਂ। -ਪੀਟੀਆਈ