ਜੈਪੁਰ, 16 ਜੁਲਾਈ
ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਅੱਜ ਦੋਸ਼ ਲਾਇਆ ਕਿ ਕਾਂਗਰਸ ਦਾ ਯੂਪੀਏ ਗੱਠਜੋੜ ਸ਼ੋਸ਼ਣ, ਪੱਖਪਾਤ ਤੇ ਜ਼ੁਲਮ ਦੇ ਹੱਕ ’ਚ ਖੜ੍ਹਾ ਹੈ ਅਤੇ ਪਾਰਟੀ ਨੂੰ ਇੱਕ ਮਿੰਟ ਲਈ ਵੀ ਰਾਜਸਥਾਨ ਵਿੱਚ ਸੱਤਾ ’ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।
ਕਾਂਗਰਸ ਸਰਕਾਰ ਖ਼ਿਲਾਫ਼ ਭਾਜਪਾ ਦੀ ‘ਨਹੀਂ ਸਹੇਗਾ ਰਾਜਸਥਾਨ’ ਮੁਹਿੰਮ ਦੀ ਸ਼ੁਰੂਆਤ ਕਰਨ ਤੋਂ ਬਾਅਦ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਨੱਢਾ ਨੇ ਕਿਹਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਐੱਨਡੀਏ ਸਰਕਾਰ ‘ਸਭ ਕਾ ਸਾਥ, ਸਭ ਕਾ ਵਿਕਾਸ, ਸਭ ਕਾ ਵਿਸ਼ਵਾਸ ਤੇ ਸਭ ਕਾ ਪ੍ਰਯਾਸ’ ਦੇ ਮੰਤਰ ਨਾਲ ਕੰਮ ਕਰ ਰਹੀ ਹੈ।’ ਕਾਂਗਰਸ ਨੂੰ ਰਾਜਸਥਾਨ ਵਿੱਚ ਸੱਤਾ ਤੋਂ ਬਾਹਰ ਕਰਨ ਲਈ ਨੱਢਾ ਨੇ ਅੱਜ ਇੱਥੋਂ ਭਾਜਪਾ ਦੀ ਮੁਹਿੰਮ ਸ਼ੁਰੂ ਕੀਤੀ ਹੈ।
ਸੂਬੇ ’ਚ ਇਸ ਸਾਲ ਦੇ ਅਖੀਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਹ ਮੁਹਿੰਮ ਪੂਰੇ ਸੂਬੇ ਵਿੱਚ ਚਲਾਈ ਜਾਵੇਗੀ। ਨੱਢਾ ਨੇ ਮੁਹਿੰਮ ਅਤੇ ਇੱਕ ਥੀਮ ਵੀਡੀਓ ਵੀ ਲਾਂਚ ਕੀਤੀ ਜਿਨ੍ਹਾਂ ’ਚ ਮਹਿਲਾਵਾਂ ਖ਼ਿਲਾਫ਼ ਅਪਰਾਧ, ਉਦੈਪੁਰ ’ਚ ਕਨ੍ਹੱਈਆ ਲਾਲ ਦੀ ਹੱਤਿਆ, ਫਿਰਕੂ ਦੰਗੇ ਤੇ ਹੋਰ ਮੁੱਦਿਆਂ ’ਤੇ ਰੋਸ਼ਨੀ ਪਾਈ ਗਈ ਹੈ। ਉਨ੍ਹਾਂ ਕਾਂਗਰਸ ਦੀ ਅਗਵਾਈ ਹੇਠਲੀ ਸੂਬਾ ਸਰਕਾਰ ਦਾ ਫੇਲ੍ਹ ਕਾਰਡ ਵੀ ਜਾਰੀ ਕੀਤਾ। ਉਨ੍ਹਾਂ ਸੂਬਾ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਇਹ ਲੋਕਾਂ ਨੂੰ ਲੁੱਟਦੀ ਹੈ ਤੇ ਉਨ੍ਹਾਂ ’ਤੇ ਜ਼ੁਲਮ ਕਰਦੀ ਹੈ ਅਤੇ ਇਸ ਨੇ ਦਲਿਤਾਂ, ਆਦਿਵਾਸੀਆਂ, ਮਹਿਲਾਵਾਂ, ਬੱਚਿਆਂ ਤੇ ਗਰੀਬਾਂ ’ਤੇ ਜ਼ੁਲਮ ਕਰਨ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ।
ਉਨ੍ਹਾਂ ਕਿਹਾ, ‘ਉਸ (ਕਾਂਗਰਸ) ਨੂੰ ਇੱਕ ਮਿੰਟ ਲਈ ਵੀ ਸੱਤਾ ’ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ।’ ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਉਤਸ਼ਾਹ ਦੇਣਾ ਤੇ ਭ੍ਰਿਸ਼ਟਾਚਾਰ ਦੇ ਨਵੇਂ ਮੀਲ ਪੱਥਰ ਸਥਾਪਤ ਕਰਨਾ ਅਸ਼ੋਕ ਗਹਿਲੋਤ ਸਰਕਾਰ ਦਾ ਚਰਿੱਤਰ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਵੋਟ ਬੈਂਕ ਦੀ ਰਾਜਨੀਤੀ ਲਈ ਪਾਕਿਸਤਾਨ ਤੋਂ ਆਏ ਸ਼ਰਨਾਰਥੀਆਂ ਦੇ ਘਰਾਂ ਨੂੰ ਬੁਲਡੋਜ਼ਰ ਨਾਲ ਤੋੜਨ ਦਾ ਕੰਮ ਕੀਤਾ ਹੈ। -ਪੀਟੀਆਈ