ਨਿੱਜੀ ਪੱਤਰ ਪ੍ਰੇਰਕ
ਜਲੰਧਰ, 31 ਅਗਸਤ
ਆਰਥਿਕ ਤੌਰ ’ਤੇ ਡਾਵਾਂ ਡੋਲ ਚੱਲ ਰਹੀ ਨਗਰ ਨਿਗਮ ਨੇ ਖ਼ਜ਼ਾਨਾ ਭਰਨ ਲਈ ਪ੍ਰਾਪਰਟੀ ਟੈਕਸ ਇੱਕਠਾ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਹੈ। ਪਿਛਲੇ ਤਿੰਨ ਦਿਨਾਂ ਤੋਂ ਪ੍ਰਾਪਰਟੀ ਟੈਕਸ ਦਾ ਭੁਗਤਾਨ ਨਾ ਕਰਨ ਵਾਲਿਆਂ ਦੀਆਂ ਦੁਕਾਨਾਂ ਸੀਲ ਕੀਤੀਆਂ ਜਾ ਰਹੀਆਂ ਹਨ। ਅੱਜ ਨਕੋਦਰ ਰੋਡ ਅਤੇ ਮਾਡਲ ਹਾਊਸ ਰੋਡ ’ਤੇ ਟੈਕਸ ਡਿਫਾਲਟਰਾਂ ਦੀਆਂ ਚਾਰ ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟੈਕਸ ਸੁਪਰਡੈਂਟ ਮਹੀਪ ਸਰੀਨ ਨੇ ਦੱਸਿਆ ਕਿ ਸੀਲਿੰਗ ਲਈ ਸੁਪਰਡੈਂਟ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਗਈ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਪੁਲੀਸ ਦੀ ਸਹਾਇਤਾ ਨਾਲ ਚਾਰ ਦੁਕਾਨਾਂ ਦੀ ਸੀਲ ਕੀਤੀਆਂ ਗਈਆਂ ਹਨ। ਇਨ੍ਹਾਂ ਵਿੱਚ ਇਕ ਕਰਿਆਨਾ ਸਟੋਰ, ਇਕ ਟਰੈਵਲ ਏਜੰਸੀ ਅਤੇ ਸਮਾਰਟ ਪੁਆਇੰਟ ਵੀ ਸ਼ਾਮਲ ਹਨ।