ਪੱਤਰ ਪ੍ਰੇਰਕ
ਰਈਆ, 31 ਅਗਸਤ
ਸਿਵਲ ਹਸਪਤਾਲ ਬਾਬਾ ਬਕਾਲਾ ਵਿੱਚ ਡਾਕਟਰ ਦੀ ਕਥਿਤ ਅਣਗਹਿਲੀ ਕਾਰਨ ਨੇੜਲੇ ਪਿੰਡ ਦੀ ਐੱਚਆਈਵੀ ਪਾਜ਼ੇਟਿਵ ਮਰੀਜ਼ ਦਾ ਹਸਪਤਾਲ ਦੇ ਲੇਬਰ ਰੂਮ ਵਿਚ ਜਣੇਪਾ ਕਰਵਾ ਕੇ ਕਈ ਹੋਰਨਾਂ ਮਰੀਜ਼ਾਂ ਲਈ ਖ਼ਤਰਾ ਖੜ੍ਹਾ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿੱਚ 18 ਅਗਸਤ ਨੂੰ ਨੇੜਲੇ ਪਿੰਡ ਦਾ ਮਰੀਜ਼ ਇਲਾਜ ਲਈ ਆਇਆ ਸੀ। ਨਿਯਮਾਂ ਮੁਤਾਬਿਕ ‘ਹਾਈ ਰਿਸਕ’ ਕੇਸ ਹੋਣ ਕਾਰਨ ਉਸ ਨੂੰ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਲਈ ਸਿਫ਼ਾਰਸ਼ ਕੀਤਾ ਗਿਆ ਸੀ ਪਰ ਉਸ ਮਰੀਜ਼ ਨੂੰ ਮੁੜ ਸਥਾਨਕ ਹਸਪਤਾਲ ’ਚ ਦਾਖ਼ਲ ਕਰ ਕੇ ਇੱਥੇ ਹੀ ਉਸ ਦੀ ਡਿਲਿਵਰੀ ਕੀਤੀ ਗਈ। ਇਸ ਬਾਰੇ ਪਤਾ ਲੱਗਣ ’ਤੇ ਲੋਕਾਂ ਵਿੱਚ ਸਹਿਮ ਪੈਦਾ ਹੋ ਗਿਆ। ਲੋਕਾਂ ਨੇ ਸਰਕਾਰ ਤੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਪਾਸੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ।
ਐੱਸਐੱਮਓ ਡਾਕਟਰ ਨੀਰਜ ਭਾਟੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਇੱਕ ਐੱਚਆਈਵੀ ਪਾਜ਼ੇਟਿਵ ਮਰੀਜ਼ ਦਾ 19 ਅਗਸਤ ਨੂੰ ਜਣੇਪਾ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਉਸ ਮਰੀਜ਼ ਸਬੰਧੀ ਅੰਮ੍ਰਿਤਸਰ ਵੀਡੀਓ ਕਾਲ ਰਾਹੀਂ ਸਟਾਫ਼ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ ਗਏ ਸਨ ਤਾਂ ਕਿ ਸਟਾਫ ਨੂੰ ਕੋਈ ਖ਼ਤਰਾ ਨਾ ਹੋਵੇ। ਉਨ੍ਹਾਂ ਦੱਸਿਆ ਕਿ ਇਸ ਜਣੇਪਾ ਕੇਸ ਵਿਚ ਪੂਰੀ ਸਾਵਧਾਨੀ ਵਰਤੀ ਗਈ ਸੀ ਤਾਂ ਕਿ ਹੋਰ ਕਿਸੇ ਵੀ ਮਰੀਜ਼ ਅਤੇ ਸਟਾਫ਼ ਨੂੰ ਕੋਈ ਖ਼ਤਰਾ ਨਾ ਹੋਵੇ। ਉਨ੍ਹਾਂ ਕਿਹਾ ਕਿ ਸਾਰੇ ਮਰੀਜ਼ਾਂ ਦੇ ਦੁਬਾਰਾ ਟੈਸਟ ਕੀਤੇ ਗਏ ਸਨ, ਜੋ ਠੀਕ ਪਾਏ ਗਏ।