ਮੁੰਬਈ: ਅਦਾਕਾਰਾ ਕੰਗਣਾ ਰਣੌਤ ਨੇ ਨਵੀਂ ਫਿਲਮ ‘ਐਮਰਜੈਂਸੀ’ ਵਿਚਲੀ ਆਪਣੀ ਪਹਿਲੀ ਝਲਕ ਸਾਂਝੀ ਕੀਤੀ ਹੈ। ਜ਼ਿਕਰਯੋਗ ਹੈ ਕਿ ਅਦਾਕਾਰਾ ਦੀ ਪਿਛਲੀ ਫਿਲਮ ‘ਧਾਕੜ’ ਬਾਕਸ ਆਫਸ ’ਤੇ ਬੁਰੀ ਤਰ੍ਹਾਂ ਫੇਲ੍ਹ ਹੋ ਗਈ ਸੀ। ਫ਼ਿਲਮ ‘ਐਮਰਜੈਂਸੀ’ ਵਿੱਚ ਕੰਗਣਾ ਨੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਇਆ ਹੈ। ਜ਼ਿਕਰਯੋਗ ਹੈ ਕਿ ਇਹ ਫ਼ਿਲਮ ਕੰਗਣਾ ਵੱਲੋਂ ਹੀ ਲਿਖੀ ਤੇ ਨਿਰਦੇਸ਼ਿਤ ਕੀਤੀ ਗਈ ਹੈ। ਜਿਵੇਂ ਕਿ ਇਸ ਫ਼ਿਲਮ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ, ਇਹ ਫਿਲਮ ਇੰਦਰਾ ਗਾਂਧੀ ਵੱਲੋਂ 25 ਜੂਨ 1975 ਨੂੰ ਲਾਈ ਗਈ ਐਮਰਜੈਂਸੀ ਦੀ ਘਟਨਾ ’ਤੇ ਆਧਾਰਿਤ ਹੈ। ਇਹ ਐਮਰਜੈਂਸੀ ਜਨਤਾ ਪਾਰਟੀ ਦੀ ਜਿੱਤ ਮਗਰੋਂ 21 ਮਾਰਚ 1977 ਨੂੰ ਖ਼ਤਮ ਹੋਈ ਸੀ। ਫਿਲਮ ਵਿੱਚ ਕੰਗਣਾ ਦੀ ਦਿੱਖ ਮਰਹੂਮ ਇੰਦਰਾ ਗਾਂਧੀ ਨਾਲ ਮੇਲ ਖਾਂਦੀ ਹੈ, ਪਰ ਆਲੋਚਕ ਇਹ ਵੀ ਕਹਿ ਰਹੇ ਹਨ ਕਿ ਅਦਾਕਾਰਾ ਨੂੰ ‘ਸਰ’ ਬੋਲਣ ਵੇਲੇ ਆਪਣੇ ਉਚਾਰਨ ’ਤੇ ਹਾਲੇ ਹੋਰ ਕੰਮ ਕਰਨਾ ਚਾਹੀਦਾ ਸੀ। ਫ਼ਿਲਮ ਬਾਰੇ ਗੱਲ ਕਰਦਿਆਂ ਕੰਗਣਾ ਨੇ ਕਿਹਾ, ‘ਇਹ ਫਿਲਮ ਭਾਰਤ ਦੇ ਇਤਿਹਾਸ ਦੇ ਸਭ ਤੋਂ ਮਹੱਤਵਪੂਰਨ ਪੜਾਅ ’ਤੇ ਕੇਂਦਰਿਤ ਹੈ, ਜਿਸ ਨੇ ਸਾਡੇ ਲਈ ਤਾਕਤ ਦੇ ਅਰਥ ਹੀ ਬਦਲ ਦਿੱਤੇ। ਇਹੀ ਕਾਰਨ ਹੈ ਕਿ ਮੈਂ ਇਸ ਸਮੇਂ ਦੀ ਕਹਾਣੀ ਦੱਸਣ ਦਾ ਫ਼ੈਸਲਾ ਲਿਆ।’ -ਆਈਏਐੱਨਐੱਸ