ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 14 ਜੁਲਾਈ
ਫੌਜ ਦੀ ਪੱਛਮੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਨਵ ਕੇ ਖੰਡੂਰੀ ਨੇ ਅੱਜ ਜਲੰਧਰ ਮਿਲਟਰੀ ਸਟੇਸ਼ਨ ਦਾ ਦੌਰਾ ਕੀਤਾ। ਇਸ ਮੌਕੇ ਵਜਰਾ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ ਨੇ ਉਨ੍ਹਾਂ ਨੂੰ ਹੈੱਡਕੁਆਰਟਰ ਵਿੱਚ ਕਾਰਜਸ਼ੀਲ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ। ਲੈਫਨੀਨੈਂਟ ਜਨਰਲ ਖੰਡੂਰੀ ਨੇ ਫੌਜੀ ਸਾਜ਼ੋ-ਸਾਮਾਨ ਤੇ ਹਥਿਆਰ ਪ੍ਰਣਾਲੀਆਂ ਦਾ ਮੁਆਇਨਾ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਮਿਲਟਰੀ ਹਸਪਤਾਲ ਤੇ ਜਲੰਧਰ ਛਾਉਣੀ ਵਿੱਚ ਨਵੇਂ ਬਣੇ ਪੈਲੀਏਟਿਵ ਕੇਅਰ ਸੈਂਟਰ ਦਾ ਵੀ ਦੌਰਾ ਕੀਤਾ। ਉਨ੍ਹਾਂ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਨੂੰ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਵਜਰਾ ਕੋਰ ਦੀ ਸ਼ਲਾਘਾ ਕੀਤੀ। ਇਸ ਮਗਰੋਂ ਥਲ ਸੈਨਾ ਦੇ ਕਮਾਂਡਰ ਨੇ ਵਜਰਾ ਕੋਰ ਦੇ ਹੈੱਡਕੁਆਰਟਰ ਵਿੱਚ ਕਰਵਾਏ ਗਏ ਇੱਕ ਸਮਾਗਮ ਵਿੱਚ ਵੱਖ-ਵੱਖ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਫੌਜੀਆਂ ਦਾ ਸਨਮਾਨ ਕੀਤਾ।