ਨਵਕਿਰਨ ਸਿੰਘ
ਮਹਿਲ ਕਲਾਂ, 25 ਨਵੰਬਰ
ਬਰਨਾਲਾ ਲੁਧਿਆਣਾ ਮੁੱਖ ਮਾਰਗ ‘ਤੇ ਟੋਲ ਪਲਾਜ਼ਾ ਅੱਗੇ ਚੱਲ ਰਹੇ ਕਿਸਾਨ ਮੋਰਚੇ ਨੇੜੇ ਮੋਰਚੇ ਵਿੱਚ ਸ਼ਾਮਲ ਪਿੰਡ ਧਨੇਰ ਦੇ ਕਿਸਾਨ ਦੀ ਅੱਜ ਸ਼ਾਮ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ।ਮਿਲੀ ਜਾਣਕਾਰੀ ਅਨੁਸਾਰ ਪੱਕੇ ਮੋਰਚੇ ਵਿੱਚ ਸ਼ਾਮਲ ਪਿੰਡ ਧਨੇਰ ਦਾ ਸਰਗਰਮ ਵਰਕਰ ਕਾਹਨ ਸਿੰਘ ਖਰਾਬ ਮੌਸਮ ਕਾਰਨ ਧਰਨੇ ‘ਤੇ ਬੈਠੇ ਕਿਸਾਨਾਂ ਲਈ ਨੇੜਲੇ ਇੱਕ ਗੁਦਾਮ ਤੋਂਂ ਤਰਪਾਲ ਲੈਣ ਗਿਆ ਸੀ ਅਤੇ ਵਾਪਸ ਆਉਂਦੇ ਸਮੇਂ ਮੋਰਚੇ ਨੇੜੇ ਹੀ ਇੱਕ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਉਸਦੀ ਮੌਤ ਹੋ ਗਈ।
ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਕਾਹਨ ਸਿੰਘ ਧਨੇਰ ਲਗਾਤਾਰ ਕਿਸਾਨ ਮੋਰਚੇ ਵਿੱਚ ਸ਼ਮੂਲੀਅਤ ਕਰਦਾ ਆ ਰਿਹਾ ਹੈ ਅਤੇ ਅੱਜ ਵੀ ਹਾਦਸੇ ਸਮੇਂ ਉਹ ਕਿਸਾਨ ਮੋਰਚੇ ਲਈ ਤਰਪਾਲ ਦਾ ਪ੍ਰਬੰਧ ਕਰ ਰਿਹਾ ਸੀ ਇਸ ਲਈ ਉਹ ਕਿਸਾਨ ਲਹਿਰ ਦਾ ਸ਼ਹੀਦ ਹੈ।ਉਨ੍ਹਾਂ ਮੰਗ ਕੀਤੀ ਕਿ ਮ੍ਰਿਤਕ ਕਿਸਾਨ ਦੇ ਇੱਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ,5 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦਾ ਸਮੁੱਚਾ ਕਰਜ਼ਾ ਮੁਆਫ ਕੀਤਾ ਜਾਵੇ।ਕਿਸਾਨ ਜਥੇਬੰਦੀਆਂ ਨੇ ਤਹਿ ਕੀਤਾ ਹੈ ਕਿ ਸਰਕਾਰ ਵੱਲੋਂ ਮੰਗਾਂ ਪੂਰੀਆਂ ਕਰਨ ਉਪਰੰਤ ਹੀ ਅੰਤਿਮ ਸਸਕਾਰ ਕੀਤਾ ਜਾਵੇਗਾ।