ਲਖਨਊ, 31 ਅਗਸਤ
ਨਗਰ ਨਿਗਮ ਨੇ ਅੱਜ ਸਮਾਜਵਾਦੀ ਪਾਰਟੀ ਦਫ਼ਤਰ ਦੇ ਬਾਹਰ ਸੜਕ ’ਤੇ ਪ੍ਰਚਾਰ ਸਮੱਗਰੀ ਵੇਚਣ ਵਾਲੀਆਂ ਦੁਕਾਨਾਂ ’ਤੇ ਬੁਲਡੋਜ਼ਰ ਚਲਾ ਦਿੱਤਾ। ਲਖਨਊ ਮਿਉਂਸਿਪਲ ਕਾਰਪੋਰੇਸ਼ਨ ਦੇ ਅਧਿਕਾਰੀਆਂ ਮੁਤਾਬਕ ਵਿਕਰਮਾਦਿੱਤਿਆ ਮਾਰਗ ’ਤੇ ਬਣੀਆਂ ਅਸਥਾਈ ਦੁਕਾਨਾਂ ਗੈਰ-ਕਾਨੂੰਨੀ ਸਨ ਅਤੇ ਇਨ੍ਹਾਂ ਦੇ ਮਾਲਕਾਂ ਨੂੰ ਦੁਕਾਨਾਂ ਹਟਾਉਣ ਲਈ ਪਿਛਲੇ ਛੇ ਮਹੀਨ ਤੋਂ ਕਈ ਵਾਰ ਨੋਟਿਸ ਭੇਜੇ ਗਏ ਪਰ ਇਸ ਦਾ ਕੋਈ ਅਸਰ ਨਹੀਂ ਹੋਇਆ। ਲਖਨਊ ਨਗਰ ਨਿਗਮ ਦੇ ਇੱਕ ਅਧਿਕਾਰੀ ਨੇ ਕਿਹਾ, ‘‘ਉਨ੍ਹਾਂ ਨੂੰ ਪਹਿਲਾਂ ਸਮਾਂ ਅਤੇ ਚਿਤਾਵਨੀ ਦਿੱਤੀ ਗਈ ਸੀ। ਅੱਜ ਅਸੀਂ ਬੁਲਡੋਜ਼ਰਾਂ ਨਾਲ ਗੈਰ-ਕਾਨੂੰਨੀ ਢਾਂਚੇ ਢਾਹ ਦਿੱਤੇ ਹਨ।’’ ਜ਼ਿਕਰਯੋਗ ਹੈ ਕਿ ਵਿਕਰਮਾਦਿੱਤਿਆ ਮਾਰਗ ਦੇ ਇੱਕ ਪਾਸੇ ਸਮਾਜਵਾਦੀ ਪਾਰਟੀ ਦਾ ਦਫ਼ਤਰ ਹੈ ਅਤੇ ਦੂਜੇ ਪਾਸੇ ਰੇਲਵੇ ਅਫਸਰਾਂ ਦੇ ਬੰਗਲੇ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਦੁਕਾਨਾਂ ਇਨ੍ਹਾਂ ਬੰਗਲਿਆਂ ਦੇ ਸਾਹਮਣੇ ਬਣੀਆਂ ਹੋਣ ਕਾਰਨ ਇੱਥੇ ਆਵਾਜਾਈ ਪ੍ਰਭਾਵਿਤ ਹੁੰਦੀ ਸੀ। -ਪੀਟੀਆਈ