ਜੋਗਿੰਦਰ ਕੁੱਲੇਵਾਲ
ਗੜ੍ਹਸ਼ੰਕਰ, 19 ਅਗਸਤ
ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਅੱਜ ਨੇੜਲੇ ਪਿੰਡ ਦੇਣੋਵਾਲ ਕਲਾਂ ਵਿੱਚ ਸਥਾਨਕ ਬੰਗਾ ਰੋਡ ’ਤੇ ਬਣੇ ਗੇਟ ਅਤੇ ਪਿੰਡ ਦੇ ਚਾਰੇ ਪਾਸੇ ਬੈਨਰ ਟੰਗ ਕੇ ਸਿਆਸੀ ਪਾਰਟੀਆਂ ਨੂੰ ਪਿੰਡਾਂ ਵਿੱਚ ਕਿਸੇ ਵੀ ਕਿਸਮ ਦੀ ਸਿਆਸੀ ਸਰਗਰਮੀ ਕਰਨ ਤੋਂ ਰੋਕ ਦਿੱਤਾ ਗਿਆ ਹੈ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਉਨ੍ਹਾਂ ‘ਜਿਹੜਾ ਕਿਸਾਨਾਂ ਨਾਲ ਖੜ੍ਹੇਗਾ, ਉਹ ਹੀ ਪਿੰਡ ਵਿੱਚ ਵੜੇਗਾ’ ਦਾ ਨਾਅਰਾ ਬੁਲੰਦ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਸਿੰਘ ਢੇਸੀ, ਸਰਪੰਚ ਰਾਮ ਜੀਤ ਸਿੰਘ ਅਤੇ ਤਹਿਸੀਲ ਪ੍ਰਧਾਨ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 600 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ ਹਨ, ਪਰ ਕੁੱਝ ਸਿਆਸੀ ਪਾਰਟੀਆਂ ਕਿਸਾਨਾਂ ਦਾ ਸਾਥ ਦੇਣ ਦੀ ਥਾਂ ਪਿਡਾਂ ਵਿੱਚ ਸਿਆਸੀ ਮੀਟਿੰਗਾਂ ਕਰ ਕੇ ਲੋਕਾਂ ਵਿੱਚ ਫੁੱਟ ਪਾ ਰਹੀਆਂ ਹਨ, ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਅੰਮ੍ਰਿਤਸਰ (ਖੇਤਰੀ ਪ੍ਰਤੀਨਿਧ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ 5 ਸਤੰਬਰ ਨੂੰ ਦਿੱਲੀ ਮੋਰਚੇ ਵੱਲ ਕੂਚ ਕਰਨ ਲਈ ਅੱਜ ਜਥੇਬੰਦੀ ਦੇ ਮੁੱਖ ਦਫ਼ਤਰ ਚੱਬਾ ਵਿੱਚ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ ਨੰਗਲ, ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਕਮੇਟੀ ਅੰਮ੍ਰਿਤਸਰ ਦੀ ਮੀਟਿੰਗ ਹੋਈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ ਨੇ ਦੱਸਿਆ ਕਿ ਅੱਜ ਮੁੱਖ ਦਫ਼ਤਰ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ 15 ਜ਼ੋਨਾਂ ਤੋਂ ਪਹੁੰਚੇ ਹੋਏ ਜ਼ੋਨ ਪ੍ਰਧਾਨ, ਸਕੱਤਰ ਤੇ ਹੋਰ ਸੀਨੀਅਰ ਆਗੂਆਂ ਨੇ ਦਿੱਲੀ ਮੋਰਚੇ ਨੂੰ ਹੋਰ ਤੇਜ਼ ਤੇ ਮਜ਼ਬੂਤ ਕਰਨ ਲਈ ਪਿੰਡ ਪੱਧਰ ’ਤੇ ਮੀਟਿੰਗਾਂ ਕਰਨ ਲਈ ਵੱਖ-ਵੱਖ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਹਨ। ਜੋ ਪਿੰਡ ਪੱਧਰ ’ਤੇ ਲਾਮਬੰਦੀ ਕਰਕੇ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਨੂੰ ਦਿੱਲੀ ਮੋਰਚੇ ਵਿੱਚ ਪਹੁੰਚਣ ਲਈ ਤਿਆਰੀ ਕਰਵਾਉਣਗੇ ਤੇ ਟਰੈਕਟਰ ਟਰਾਲੀਆਂ ਦਾ ਵੱਡਾ ਕਾਫ਼ਲਾ ਲੈ ਕੇ 5 ਸਤੰਬਰ ਨੂੰ ਦਿੱਲੀ ਮੋਰਚੇ ਵੱਲ ਰਵਾਨਾ ਹੋਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਬਾਰਡਰਾਂ ਤੇ ਚੱਲ ਰਿਹਾ ਅੰਦੋਲਨ 9 ਮਹੀਨੇ ਦੇ ਕਰੀਬ ਪਹੁੰਚ ਗਿਆ ਹੈ, ਜੋ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਜਾਰੀ ਰਹੇਗਾ। ਕੇਂਦਰ ਸਰਕਾਰ ਕਿਸਾਨੀ ਅੰਦੋਲਨ ਨੂੰ ਲਗਾਤਾਰ ਅਣਗੌਲਿਆ ਕਰਕੇ ਇਸ ਅੰਦੋਲਨ ਨੂੰ ਫੇਲ੍ਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਕਰਤਾਰਪੁਰ (ਪੱਤਰ ਪ੍ਰੇਰਕ): ਸ਼ਾਹਰਾਹ ’ਤੇ ਪੈਂਦੇ ਪਿੰਡ ਬਿਧੀਪੁਰ ਉੱਤੇ ਲੋਕ ਵਿਰੋਧੀ ਖੇਤੀ, ਅਨਾਜ ਅਤੇ ਭੋਜਨ ਸੁਰੱਖਿਆ ਵਿਰੋਧੀ ਕਾਨੂੰਨ ਰੱਦ ਕਰਨ ਤੇ ਸਾਰੀਆਂ ਫ਼ਸਲਾਂ ਲਈ ਘੱਟੋ ਘੱਟ ਸਮਰਥਨ ਮੁੱਲ ਦੀ ਗਾਰੰਟੀ ਦਾ ਕਾਨੂੰਨ ਬਣਵਾਉਣ ਲਈ ਸ਼ੁਰੂ ਕੀਤਾ ਮੋਰਚਾ ਅੱਜ ਬਾਰ੍ਹਵੇਂ ਦਿਨ ਵੀ ਜਾਰੀ ਰਿਹਾ। ਅੱਜ ਦੇ ਮੋਰਚੇ ਵਿੱਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਔਰਤਾਂ ਨੇ ਹੱਥਾਂ ’ਚ ਕਿਸਾਨ ਜਥੇਬੰਦੀਆਂ ਦੇ ਝੰਡੇ ਅਤੇ ਮੰਗਾਂ ਦੀਆਂ ਤਖ਼ਤੀਆਂ ਫੜ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ਆਗੂਆਂ ਨੇ ਐਲਾਨ ਕੀਤਾ ਕਿ ਖੇਤੀ ਕਾਨੂੰਨਾਂ ਰੱਦ ਨਹੀਂ ਹੁੰਦੇ, ਓਨੀ ਦੇਰ ਅੰਦੋਲਨ ਲਗਾਤਾਰ ਜਾਰੀ ਰਹੇਗਾ।
ਕਿਸਾਨਾਂ ਦਾ ਜਥਾ ਦਿੱਲੀ ਰਵਾਨਾ
ਭੁਲੱਥ (ਪੱਤਰ ਪ੍ਰੇਰਕ): ਕਿਸਾਨ ਯੂਨੀਅਨ ਨਡਾਲਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਦਿੱਲੀ ਬਾਰਡਰ ’ਤੇ ਚੱਲ ਰਹੇ ਸੰਘਰਸ਼ ਲਈ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸਥਾਨਕ ਸੰਗਤ ਤੇ ਪਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਲਗਾਤਾਰ ਲੋੜੀਂਦਾ ਸਾਮਾਨ ਭੇਜਿਆ ਜਾ ਰਿਹਾ ਹੈ। ਅੱਜ ਕਿਸਾਨ ਯੂਨੀਅਨ ਨਡਾਲਾ ਵੱਲੋਂ ਕਿਸਾਨ ਗੁਰਦੀਪ ਸਿੰਘ ਸਾਹੀ ਦੀ ਅਗਵਾਈ ਹੇਠ ਕਿਸਾਨਾਂ ਦਾ ਜਥਾ ਦਿੱਲੀ ਦੇ ਕੁੰਡਲੀ ਬਾਰਡਰ ’ਤੇ ਲਾਏ ਕੈਂਪ ਲਈ ਲੋੜੀਂਦਾ ਸਮਾਨ ਲੈ ਕੇ ਰਵਾਨਾ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਕੇਂਦਰ ਖਿਲਾਫ ਜ਼ੋਰਦਾਰ ਨਾਹਰੇਬਾਜ਼ੀ ਕੀਤੀ।