ਗੁਰਨਾਮ ਸਿੰਘ ਅਕੀਦਾ
ਪਟਿਆਲਾ, 29 ਜਨਵਰੀ
ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਹਲਕਾ ਸਮਾਣਾ ਤੋਂ ਉਮੀਦਵਾਰ ਅਤੇ ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਅੱਜ ਵੱਖ ਵੱਖ ਥਾਈਂ ਚੋਣ ਪ੍ਰਚਾਰ ਕੀਤਾ। ਇਸ ਮੌਕੇ ਰੱਖੜਾ ਨਾਲ ਉਨ੍ਹਾਂ ਦੀ ਪੁੱਤਰੀ ਬੀਬਾ ਗੁਰਪ੍ਰੀਤ ਕੌਰ ਰੱਖੜਾ ਵੀ ਮੌਜੂਦ ਸਨ।
ਗੱਠਜੋੜ ਦੇ ਉਮੀਦਵਾਰ ਰੱਖੜਾ ਨੇ ਕਿਹਾ ਕਿ ‘ਆਪ’ ਤੇ ਭਾਜਪਾ ਦੇ ਆਗੂ ਇੱਕੋ ਥੈਲੀ ਦੇ ਚੱਟੇ ਵੱਟੇ ਹਨ, ਦੋਵੇਂ ਰਲ ਮਿਲਕੇ ਲੋਕਾਂ ਦਾ ਮੂਰਖ ਬਣਾ ਰਹੇ ਹਨ। ਇਸੇ ਦੌਰਾਨ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਸ਼ਹਿਰੀ ਤੋਂ ਉਮੀਦਵਾਰ ਹਰਪਾਲ ਜੁਨੇਜਾ ਨੇ ਸੰਜੇ ਕਲੋਨੀ, ਮਹਿੰਦਰਾ ਕਾਲਜ ਸਾਹਮਣੇ, ਸ਼ਤਰੂ ਲੇਬਰ ਭਾਈਚਾਰਾ, ਬਾਬਾ ਜੀਵਨ ਸਿੰਘ ਨਗਰ ਵਾਰਡ ਨੰਬਰ 54, ਹੀਰਾ ਨਗਰ ਵਾਰਡ ਨੰਬਰ 56 ਅਤੇ ਖ਼ਾਲਸਾ ਮੁਹੱਲਾ ਵਿੱਚ ਚੋਣ ਪ੍ਰਚਾਰ ਕੀਤਾ।
ਇਸੇ ਦੌਰਾਨ ਅੱਜ ਇੱਥੇ ‘ਜੈ ਮਿਲਾਪ’ ਐਸੋਸੀਏਸ਼ਨ ਨੇ ਆਮ ਆਦਮੀ ਪਾਰਟੀ ਪਟਿਆਲਾ ਦੇ ਸ਼ਹਿਰੀ ਉਮੀਦਵਾਰ ਅਜੀਤਪਾਲ ਸਿੰਘ ਕੋਹਲੀ ਨੂੰ ਮੰਗ ਪੱਤਰ ਦਿੱਤਾ। ਇਸ ਦੌਰਾਨ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਮੋਹਿਤ ਗੁਪਤਾ, ਜਨਰਲ ਸਕੱਤਰ ਤੇਜਿੰਦਰ ਮਹਿਤਾ, ਅੰਕੁਰ ਗੁਪਤਾ, ਨਰਿੰਦਰ ਸਿੰਘ ਧੀਮਾਨ, ਅਨੂਪਮ ਕੁੰਦਨ, ਅਮਰਿੰਦਰ ਸਿੰਘ ਅਤੇ ਸੁਮਿਤ ਠਾਕੁਰ ਮੌਜੂਦ ਸਨ। ਸਥਾਨਕ ਲਾਹੌਰੀ ਗੇਟ ਵਿੱਚ ਸਾਬਕਾ ਕੌਂਸਲਰ ਨਿਰਮਲਾ ਦੇਵੀ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਸਥਾਨਕ ਨਹਿਰੂ ਪਾਰਕ ਕੋਲ ਅਜੀਤਪਾਲ ਸਿੰਘ ਕੋਹਲੀ ਦੀ ਚੋਣ ਮੁਹਿੰਮ ਸਬੰਧੀ ਸਾਗਰ, ਹਰਪ੍ਰੀਤ ਸਿੰਘ ਤੇ ਗੁਰਪ੍ਰੀਤ ਸਿੰਘ ਵੱਲੋਂ ਚੋਣ ਮੀਟਿੰਗ ਕੀਤੀ ਗਈ। ਇਸੀ ਤਰ੍ਹਾਂ ਸ਼ਹਿਰ ਦੇ ਅੰਦਰੂਨੀ ਇਲਾਕੇ ਸਰਕਾਰੀ ਕੁਆਰਟਰ ਵਿੱਚ ਕੁੰਦਨ ਗੋਗੀਆਂ ਵੱਲੋਂ ਨੁੱਕੜ ਮੀਟਿੰਗ ਕਰਵਾਈ ਗਈ। ਇਸੇ ਤਰ੍ਹਾਂ ਜੈ ਜਵਾਨ ਕਲੋਨੀ ਜਗਮੋਹਨ ਸਿੰਘ, ਰਾਘੋ ਮਾਜਰਾ, ਜੱਟਾ ਵਾਲਾ ਚੌਂਤਰਾ ਵਿਖੇ ਮੁਲਤਾਨੀ ਜੀ, ਮਥੁਰਾ ਕਲੋਨੀ ਬਾਬਾ ਬਾਲਕ ਨਾਥ ਮੰਦਿਰ ਕੋਲ, ਗੋਬਿੰਦ ਨਗਰ ਵਿੱਚ ਸੰਜੀਵ ਕੁਮਾਰ, ਅਰਜਨ ਨਗਰ ਵਿੱਚ ਨਰਿੰਦਰ ਸਿੰਘ ਚੰਡੋਕ ਅਤੇ ਛੱਪਰਬਦਾ ਮੁਹੱਲਾ ਬੀ ਟੈਂਕ ਵਿੱਚ ਦਿਲਪ੍ਰੀਤ ਮਿਕੀ ਵੱਲੋਂ ਨੁੱਕੜ ਮੀਟਿੰਗ ਕੀਤੀ ਗਈ।