ਲੰਡਨ, 14 ਮਈ
ਸਕਾਟਲੈਂਡ ਦੇ ਸ਼ਹਿਰ ਗਲਾਸਗੋ ਵਿਚ ਅੱਜ ਇਕ ਮਨੁੱਖੀ ਅਧਿਕਾਰ ਵਕੀਲ ਨੇ ਇਮੀਗ੍ਰੇਸ਼ਨ ਅਫ਼ਸਰਾਂ ਤੇ ਪੁਲੀਸ ਵੱਲੋਂ ‘ਆਵਾਸ ਸਬੰਧੀ ਅਪਰਾਧ’ ਦੇ ਦੋਸ਼ ਹੇਠ ਫੜ ਕੇ ਲਿਜਾਏ ਜਾ ਰਹੇ ਦੋ ਭਾਰਤੀਆਂ ਨੂੰ ਛੁਡਾ ਲਿਆ। ਇਨ੍ਹਾਂ ਨੂੰ ਫੜ ਕੇ ਇਕ ਵੈਨ ਵਿਚ ਲਿਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ ਤੇ ਭਾਰਤੀ ਵਿਅਕਤੀਆਂ ਦੇ ਗੁਆਂਢੀਆਂ ਨੇ ਇਸ ਮੌਕੇ ਹੰਗਾਮਾ ਕਰ ਦਿੱਤਾ ਤੇ ਕਰੀਬ 9 ਘੰਟੇ ਰੋਸ ਮੁਜ਼ਾਹਰਾ ਕੀਤਾ।
ਸੁਮਿਤ ਸਹਿਦੇਵ ਜੋ ਕਿ ਇਕ ‘ਸ਼ੈੱਫ’ (ਰਸੋਈਆ) ਹੈ ਤੇ ਲਖਵੀਰ ਸਿੰਘ ਜੋ ਕਿ ਮਕੈਨਿਕ ਹੈ, ਕਰੀਬ ਦਸ ਸਾਲ ਤੋਂ ਯੂਕੇ ਵਿਚ ਰਹਿ ਰਹੇ ਹਨ। ਵੀਰਵਾਰ ਪੁਲੀਸ ਤੇ ਇਮੀਗ੍ਰੇਸ਼ਨ ਅਫ਼ਸਰਾਂ ਨੇ ਦੋਵਾਂ ਨੂੰ ਪੌਲੋਕਸ਼ੀਲਡਜ਼ ਸਥਿਤ ਉਨ੍ਹਾਂ ਦੇ ਘਰ ਵਿਚੋਂ ਕੱਢ ਲਿਆ ਤੇ ਨਜ਼ਰਬੰਦ ਕਰਨ ਲਈ ਇਕ ਕੇਂਦਰ ਵਿਚ ਲਿਜਾਣ ਲੱਗੇ। ਇਸੇ ਦੌਰਾਨ ਮੁਜ਼ਾਹਰਾਕਾਰੀਆਂ ਦੀ ਇਕ ਵੱਡੀ ਭੀੜ ਨੇ ਵੈਨ ਨੂੰ ਘੇਰ ਲਿਆ ਤੇ ਭਾਰਤੀ ਵਿਅਕਤੀਆਂ ਨੂੰ ਆਜ਼ਾਦ ਕਰਨ ਦੀ ਮੰਗ ਕਰਨ ਲੱਗੀ। ਪਾਕਿਸਤਾਨੀ ਮੂਲ ਦੇ ਮਨੁੱਖੀ ਅਧਿਕਾਰ ਵਕੀਲ ਆਮੇਰ ਅਨਵਰ ਨੇ ਦੱਸਿਆ ਕਿ ਈਦ ਮੌਕੇ ‘ਹੋਮ ਆਫਿਸ’ ਦੀ ਇਹ ਕਾਰਵਾਈ ਭੜਕਾਊ ਸੀ। ਉਨ੍ਹਾਂ ਕਿਹਾ ਕਿ ਇਹ ਅਧਿਕਾਰੀ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਕਈ ਤਵੱਜੋ ਨਹੀਂ ਦਿੰਦੇ ਪਰ ਗਲਾਸਗੋ ਦੇ ਲੋਕ ਦਿੰਦੇ ਹਨ। ਅਨਵਰ ਨੇ ਕਿਹਾ ਕਿ ਇਹ ਸ਼ਹਿਰ ਸ਼ਰਨਾਰਥੀਆਂ ਦੀਆਂ ਪਿੱਠਾਂ ਉਤੇ ਉਸਾਰਿਆ ਗਿਆ ਹੈ ਜਿਨ੍ਹਾਂ ਆਪਣਾ ਖ਼ੂਨ, ਪਸੀਨਾ ਤੇ ਹੰਝੂ ਇਸ ਦੇ ਲੇਖੇ ਲਾਏ ਹਨ। -ਪੀਟੀਆਈ
ਮਸਜਿਦ ’ਚ ਲਖਵੀਰ ਤੇ ਸੁਮਿਤ ਦਾ ਤਾੜੀਆਂ ਮਾਰ ਕੇ ਕੀਤਾ ਗਿਆ ਸਵਾਗਤ
ਪੰਜਾਬੀ ਵਿਚ ਗੱਲ ਕਰ ਰਹੇ ਲਖਵੀਰ ਸਿੰਘ ਅਤੇ ਸੁਮਿਤ ਸਹਿਦੇਵ ਨੇ ਇਸ ਮੌਕੇ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਦਾ ਹੰਝੂਆਂ ਨਾਲ ਭਿੱਜੀਆਂ ਅੱਖਾਂ ਨਾਲ ਧੰਨਵਾਦ ਕੀਤਾ। ਦੋਵਾਂ ਨੂੰ ਵਕੀਲ ਆਮੇਰ ਅਨਵਰ ਇਸ ਤੋਂ ਬਾਅਦ ਨੇੜਲੀ ਮਸਜਿਦ ਲੈ ਗਿਆ ਜਿੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਦਾ ਤਾੜੀਆਂ ਮਾਰ ਕੇ ਸਵਾਗਤ ਕੀਤਾ ਤੇ ਕਿਹਾ ਕਿ ‘ਸ਼ਰਨਾਰਥੀਆਂ ਦਾ ਸਵਾਗਤ ਹੈ।’ ਸਕਾਟਲੈਂਡ ਪੁਲੀਸ ਨੇ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਹੈ ਤੇ ਉਹ ਆਪਣੇ ਪਰਿਵਾਰਾਂ ਨਾਲ ਘਰ ਮੁੜ ਆਏ।