ਮੁਕੇਸ਼ ਕੁਮਾਰ
ਚੰਡੀਗੜ੍ਹ, 19 ਅਗਸਤ
ਚੰਡੀਗੜ੍ਹ ਨਗਰ ਨਿਗਮ ਵਲੋਂ ਅੱਜ ਇੱਥੇ ਸੈਕਟਰ 23 ਸਥਿਤ ਜੰਝ ਘਰ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਚੰਡੀਗੜ੍ਹ ਦੇ ਮੇਅਰ ਰਵੀਕਾਂਤ ਸ਼ਰਮਾ ਬਤੌਰ ਮੁੱਖ ਮਹਿਮਾਨ ਤੇ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਬਤੌਰ ਵਿਸ਼ੇਸ਼ ਮਹਿਮਾਨ ਪਹੁੰਚੇ। ਮੇਅਰ ਰਵੀ ਕਾਂਤ ਸ਼ਰਮਾਂ ਨੇ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਕਾਇਮ ਰੱਖਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਇਸ ਮੌਕੇ ਕੌਂਸਲਰ ਆਸ਼ਾ ਜੈਸਵਾਲ, ਕੌਂਸਲਰ ਤੇ ਨਿਗਮ ਦੀ ਕਲਾ ਤੇ ਸੱਭਿਆਚਾਰਕ ਕਮੇਟੀ ਦੀ ਚੇਅਰਪਰਸਨ ਸ਼ਿਪਰਾ ਬੰਸਲ ਸੀਨੀਅਰ ਡਿਪਟੀ ਮੇਅਰ ਮਹੇਸ਼ ਇੰਦਰ ਸਿੱਧੂ, ਡਿਪਟੀ ਮੇਅਰ ਫਾਰਮੀਲਾ, ਏਰੀਆ ਕੌਂਸਲਰ ਸੁਨੀਤਾ ਧਵਨ ਸਮੇਤ ਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ।
ਚੰਡੀਗੜ੍ਹ (ਪੱਤਰ ਪ੍ਰੇਰਕ): ਪੀ.ਐੱਸ.ਆਈ.ਈ.ਸੀ. ਸਟਾਫ਼ ਭਲਾਈ ਸੰਸਥਾ ਵੱਲੋਂ ਉਦਯੋਗ ਭਵਨ ਦੇ ਮੁਲਾਜ਼ਮਾਂ ਲਈ ਤੀਆਂ ਦਾ ਤਿਉਹਾਰ ਉਦਯੋਗ ਭਵਨ ਦੇ ਕੰਟੀਨ ਹਾਲ ਵਿੱਚ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਪ੍ਰਬੰਧਕ ਨਿਰਦੇਸ਼ਕ ਨੀਲਿਮਾ ਨੇ ਕੀਤੀ। ਪ੍ਰੋਗਰਾਮ ’ਚ ਪੰਜਾਬ ਇੰਫੋਟੈਕ, ਪੀ.ਐਸ.ਆਈ. ਡੀ.ਸੀ., ਪੰਜਾਬ ਬਿਊਰੋ ਤੇ ਪੀ.ਐਸ. ਆਈ.ਈ.ਸੀ. ਦੇ ਲੇਡੀਜ਼ ਸਟਾਫ਼ ਨੇ ਹਿੱਸਾ ਲਿਆ ਗਿਆ।
ਖੁੱਡਾ ਲਾਹੌਰਾ ’ਚ ਤੀਆਂ ਮੌਕੇ ਮੋਦੀ ਸਰਕਾਰ ਨੂੰ ਲਾਹਨਤਾਂ ਪਾਈਆਂ
ਚੰਡੀਗੜ੍ਹ (ਪੱਤਰ ਪ੍ਰੇਰਕ): ਸੰਯੁਕਤ ਕਿਸਾਨ ਮੋਰਚਾ, ਪੇਂਡੂ ਸੰਘਰਸ਼ ਕਮੇਟੀ ਦੇ ਸੱਦੇ ’ਤੇ ਪਿੰਡ ਖੁੱਡਾ ਲਾਹੌਰਾ ਤੇ ਖੁੱਡਾ ਜੱਸੂ ਪਿੰਡਾਂ ਦੀਆਂ ਧੀਆਂ-ਭੈਣਾਂ ਨੇ ਰਲ ਕੇ ਤੀਆਂ ਦਾ ਤਿਉਹਾਰ ਪਿੰਡ ਦੇ ਪੁਰਾਤਨ ਪਿੱਪਲ ਹੇਠ ਮਨਾਇਆ। ਇਸ ਦੌਰਾਨ ਪੁਰਾਤਨ ਰੀਤੀ-ਰਿਵਾਜ਼ਾਂ ਅਨੁਸਾਰ ਕੁੜੀਆਂ ਵੱਲੋਂ ਚਰਖਾ, ਫੁਲਕਾਰੀ, ਮਧਾਣੀ, ਮੰਜਾ ਆਦਿ ਦਾ ਪ੍ਰਦਰਸ਼ਨ ਕੀਤਾ ਗਿਆ। ਤੀਆਂ ਦੇ ਤਿਉਹਾਰ ਦੀ ਖੁਸ਼ੀ ਵਿੱਚ ਕੁੜੀਆਂ ਨੇ ਰਲ-ਮਿਲ ਕੇ ਬੋਲੀਆਂ ਅਤੇ ਗਿੱਧਾ ਪਾਇਆ। ਪਿੰਡ ਖੁੱਡਾ ਅਲੀਸ਼ੇਰ ਦੀਆਂ ਬੀਬੀਆਂ ਨੇ ਵੀ ਬੋਲੀਆਂ ਰਾਹੀਂ ਕੇਂਦਰ ਦੀ ਮੋਦੀ ਸਰਕਾਰ ਨੂੰ ਲਾਹਨਤਾਂ ਪਾਈਆਂ। ਪ੍ਰੋਗਰਾਮ ਵਿੱਚ ਹਰਜੀਤ ਕੌਰ, ਸਾਬਕਾ ਸਰਪੰਚ ਸਵਰਨ ਕੌਰ, ਮਨਜੀਤ ਕੌਰ ਸੇਰਨੀ, ਸੁੱਖੀ ਚਾਹਲ, ਕੁਲਜੀਤ ਕੌਰ, ਪਰਮਜੀਤ ਕੌਰ ਅਤੇ ਪਿੰਡ ਦੀਆਂ ਮੁਟਿਆਰਾਂ ਨੇ ਰਲ ਕੇ ਗਿੱਧਾ ਪਾਇਆ। ਇਸ ਮੌਕੇ ਕਰਮਜੀਤ ਸਿੰਘ ਬੱਗਾ ਨੇ ਅਲਗੋਜ਼ੇ ਵਜਾ ਕੇ ਸਭ ਦਾ ਮਨ ਮੋਹ ਲਿਆ। ਸਾਬਕਾ ਸਰਪੰਚ ਰਾਕੇਸ਼ ਸਰਮਾ, ਗੁਰਪ੍ਰੀਤ ਸਿੰਘ ਸੋਮਲ ਖੁੱਡਾ ਅਲੀ ਸ਼ੇਰ ਨੇ ਵੀ ਅਪਣੇ ਵਿਚਾਰ ਰੱਖੇ।