ਨਵੀਂ ਦਿੱਲੀ, 7 ਨਵੰਬਰ
ਪੰਜਾਬ ਸਰਕਾਰ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਨੂੰ ਕਿਹਾ ਹੈ ਕਿ ਰਾਜ ਵਿੱਚ ਪਟਾਕਿਆਂ ’ਤੇ ਪਾਬੰਦੀ ਲਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਉਂਕਿ ਰਾਜ ਦਾ ਕੋਈ ਵੀ ਹਿੱਸਾ ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਨਹੀਂ ਆਉਂਦਾ। ਇਸ ਵਿਚ ਕਿਹਾ ਗਿਆ ਹੈ ਕਿ ਹਵਾ ਦੀ ਗੁਣਵਤਾ ’ਤੇ ਨਜ਼ਰ ਰੱਖਣ ਲਈ ਸੀਏਏਕਿਊਐੱਮਐੱਸ ਅੰਮ੍ਰਿਤਸਰ, ਲੁਧਿਆਣਾ, ਮੰਡੀ ਗੋਬਿੰਦਗੜ, ਪਟਿਆਲਾ, ਜਲੰਧਰ ਅਤੇ ਖੰਨਾ ਵਿਚ ਸਥਾਪਿਤ ਕੀਤੇ ਗਏ ਹਨ ਅਤੇ ਏਅਰ ਕੁਆਲਿਟੀ ਇੰਡੈਕਸ ਅਗਸਤ ਵਿਚ ਵਧੀਆ ਦੀ ਸਥਿਤੀ ਵਿਚ ਰਿਹਾ, ਸਤੰਬਰ ਵਿੱਚ ਤਸੱਲੀਬਖ਼ਸ਼ ਤੇ ਅਕਤੂਬਰ ਵਿੱਚ ਦਰਮਿਆਨਾ ਰਿਹਾ। ਇਸ ਵਿਚ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਨੇ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ ਰਾਹੀਂ ਵੱਖ-ਵੱਖ ਅਖਬਾਰਾਂ ਵਿਚ ਜਨਤਕ ਨੋਟਿਸ ਜਾਰੀ ਕਰਕੇ ਦੀਵਾਲੀ, ਗੁਰਪੁਰਬ, ਕ੍ਰਿਸਮਸ ਅਤੇ ਨਵੇਂ ਸਾਲ ਦੌਰਾਨ ਸਮਾਂਬੱਧ ਪਟਾਕੇ ਚਲਾਉਣ ਲਈ ਹੁਕਮ ਜਾਰੀ ਕੀਤੇ ਸਨ।