ਜੋਗਿੰਦਰ ਸਿੰਘ ਮਾਨ
ਮਾਨਸਾ, 3 ਦਸੰਬਰ
ਵਿਵਾਦਾਂ ਵਿੱਚ ਘਿਰੇ ਪੰਜਾਬੀ ਨੌਜਵਾਨ ਗਾਇਕ ਸਿੱਧੂ ਮੂਸੇਵਾਲਾ ਦੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਮਾਨਸਾ ਵਿਧਾਨ ਸਭਾ ਹਲਕੇ ਤੋਂ ਜਿਹੜੇ ਕਾਂਗਰਸੀ ਟਿਕਟ ਲਈ ਆਸਵੰਦ ਸਨ, ਉਨ੍ਹਾਂ ਨੂੰ ਗਹਿਰਾ ਧੱਕਾ ਲੱਗਿਆ ਹੈ। ਪੰਜਾਬੀ ਗਾਇਕ ਦੇ ਕਾਂਗਰਸੀ ਬਣਨ ਤੋਂ ਬਾਅਦ ਪਾਰਟੀ ਦੇ ਟਕਸਾਲੀ ਨੇਤਾ ਔਖੇ ਹੋ ਗਏ ਹਨ ਤੇ ਉਸ ਦਾ ਉਮੀਦਵਾਰ ਬਣਨ ਤੋਂ ਪਹਿਲਾਂ ਹੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ।
ਇੱਥੇ ਮਰਹੂਮ ਸਾਬਕਾ ਕੈਬਨਿਟ ਮੰਤਰੀ ਸ਼ੇਰ ਸਿੰਘ ਗਾਗੋਵਾਲ ਦੇ ਪਰਿਵਾਰ ਨੇ ਸਮਾਗਮ ਦੌਰਾਨ ਕਾਂਗਰਸੀ ਵਰਕਰਾਂ ਦਾ ਇਕੱਠ ਕਰ ਕੇ ਪਾਰਟੀ ਹਾਈਕਮਾਨ ਤੋਂ ਸਿੱਧੇ ਤੌਰ ’ਤੇ ਟਿਕਟ ਮੰਗੀ ਹੈ। ਸੰਕੇਤ ਦਿੱਤੇ ਹਨ ਕਿ ਜੇ ਪਾਰਟੀ ਨੇ ਹਲਕੇ ਤੋਂ ਕਿਸੇ ਬਾਹਰਲੇ ਉਮੀਦਵਾਰ ਨੂੰ ਚੋਣ ਮੈਦਾਨ ’ਚ ਉਤਾਰਿਆ ਤਾਂ ਉਹ ਆਜ਼ਾਦ ਤੌਰ ’ਤੇ ਵੀ ਚੋਣ ਲੜ ਸਕਦੇ ਹਨ।
ਇਸ ਦੌਰਾਨ ਗਾਗੋਵਾਲ ਪਰਿਵਾਰ ਨੇ ਮੂਸੇਵਾਲਾ ਦਾ ਵੀ ਵਿਰੋਧ ਕਰਦਿਆਂ ਕਿਹਾ ਕਿ ਉਹ ਵੀ ਸੰਨੀ ਦਿਓਲ ਦੀ ਤਰ੍ਹਾਂ ਚੋਣ ਜਿੱਤਣ ਤੋਂ ਬਾਅਦ ਲੋਕਾਂ ਤੋਂ ਦੂਰ ਹੋ ਜਾਣਗੇ। ਇਸ ਲਈ ਪਾਰਟੀ ਨੂੰ ਟਕਸਾਲੀ ਕਾਂਗਰਸੀਆਂ ਅਤੇ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜੇ ਵਰਕਰਾਂ ਵਿੱਚੋਂ ਟਿਕਟ ਦੇਣੀ ਬਣਦੀ ਹੈ।
ਲੋਕਾਂ ਨੂੰ ਸੰਬੋਧਨ ਕਰਦਿਆਂ ਕਾਂਗਰਸੀ ਨੇਤਾ ਗੁਰਪ੍ਰੀਤ ਕੌਰ ਗਾਗੋਵਾਲ ਨੇ ਕਿਹਾ ਕਿ ਜੇ ਪਾਰਟੀ ਨੇ ਹਮੇਸ਼ਾ ਦੀ ਤਰ੍ਹਾਂ ਉਨ੍ਹਾਂ ਦੇ ਪਰਿਵਾਰ ਨੂੰ ਟਿਕਟ ਨਾਲ ਨਿਵਾਜਦੀ ਹੈ ਤਾਂ ਉਹ ਇਹ ਸੀਟ ਜਿੱਤ ਕੇ ਕਾਂਗਰਸ ਦੀ ਝੋਲੀ ਪਾਉਣਗੇ। ਜ਼ਿਲ੍ਹਾ ਪਰਿਸ਼ਦ ਮਾਨਸਾ ਦੇ ਮੈਂਬਰ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਨੇ ਕਿਹਾ ਕਿ ਕਾਂਗਰਸ ਪਾਰਟੀ ਲਈ ਔਖੇ ਸਮੇਂ ਵਿੱਚ ਖੜ੍ਹਨ ਵਾਲਿਆਂ ਦੀ ਥਾਂ ਹਥਿਆਰਾਂ ਤੇ ਸੱਭਿਆਚਾਰ ਵਿਰੋਧੀ ਗੱਲਾਂ ਕਰਨ ਵਾਲਿਆਂ ਨੂੰ ਮਾਨਸਾ ਦੇ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਸੰਕੇਤ ਦਿੱਤੇ ਕਿ ਜੇ ਪਾਰਟੀ ਉਨ੍ਹਾਂ ਨੂੰ ਟਿਕਟ ਨਹੀਂ ਦਿੰਦੀ ਤਾਂ ਉਹ ਕਾਂਗਰਸੀ ਵਰਕਰਾਂ ਨਾਲ ਸਲਾਹ ਕਰ ਕੇ ਆਜ਼ਾਦ ਚੋਣ ਲੜਨਗੇ।
ਕਾਂਗਰਸੀ ਆਗੂ ਰਮੇਸ਼ ਟੋਨੀ ਫਰਵਾਹੀ ਨੇ ਕਿਹਾ ਕਿ ਗਾਇਕ ਅਤੇ ਅਦਾਕਾਰ ਚੋਣ ਜਿੱਤਣ ਤੋਂ ਬਾਅਦ ਲੋਕਾਂ ਦੀ ਬਾਤ ਨਹੀਂ ਪੁੱਛਦੇ। ਉਨ੍ਹਾਂ ਕਿਹਾ ਕਿ ਜੇ ਪਾਰਟੀ ਨੇ ਗਾਗੋਵਾਲ ਪਰਿਵਾਰ ਨੂੰ ਟਿਕਟ ਨਾ ਦਿੱਤੀ ਤਾਂ ਉਹ ਆਜ਼ਾਦ ਤੌਰ ’ਤੇ ਚੋਣ ਲੜਨਗੇ। ਇਸ ਮੌਕੇ ਮਾਰਕੀਟ ਕਮੇਟੀ ਮਾਨਸਾ ਦੇ ਚੇਅਰਮੈਨ ਸੁਰੇਸ਼ ਨੰਦਗੜ੍ਹੀਆ, ਸੁਖਦਰਸ਼ਨ ਖਾਰਾ, ਬਲਵਿੰਦਰ ਨਾਰੰਗ ਸਣੇ ਹੋਰ ਪੰਚ-ਸਰਪੰਚ ਹਾਜ਼ਰ ਸਨ।