ਨਵੀਂ ਦਿੱਲੀ, 18 ਅਪਰੈਲ
ਕਾਂਗਰਸ ਦੇ ਸੀਨੀਅਰ ਨੇਤਾ ਪੀ ਚਿਦੰਬਰਮ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਵਿਅੰਗ ਕਰਦਿਆਂ ਕਿਹਾ ਕਿ ਪੱਛਮੀ ਬੰਗਾਲ ਜਿੱਤਣ ਦੀ ਅਹਿਮ ਜੰਗ ਦੌਰਾਨ ਥੋੜਾ ਸਮਾਂ ਕੱਢ ਕੇ ਦੇਸ਼ ’ਚ ਕਰੋਨਾਵਾਇਰਸ ਕਾਰਨ ਬਣੇ ਹਾਲਾਤ ਦੀ ਸਮੀਖਿਆ ਕਰਨ ਲਈ ਸ਼ੁਕਰੀਆ। ਚਿਦੰਬਰਮ ਨੇ ‘ਦੀਦੀ ਓ ਦੀਦੀ’ ਟਿੱਪਣੀ ਲਈ ਪ੍ਰਧਾਨ ਮੰਤਰੀ ਦੀ ਆਲੋਚਨਾ ਵੀ ਕੀਤੀ ਅਤੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨੂੰ ਇਸ ਲਹਿਜ਼ੇ ’ਚ ਕਿਸੇ ਮੁੱਖ ਮਤਰੀ ਦਾ ਜ਼ਿਕਰ ਕਰਨਾ ਚਾਹੀਦਾ ਹੈ।
ਕਾਂਗਰਸ ਆਗੂ ਨੇ ਟਵੀਟ ਕੀਤਾ, ‘ਪੱਛਮੀ ਬੰਗਾਲ ਜਿੱਤਣ ਦੀ ਜ਼ਰੂਰੀ ਜੰਗ ਅਤੇ ਉਸ ਨੂੰ ਭਾਜਪਾ ਦੇ ਸਾਮਰਾਜ ’ਚ ਮਿਲਾਉਣ ਦੌਰਾਨ ਕੋਵਿਡ ਲਈ ਥੋੜਾ ਸਮਾਂ ਕੱਢਣ ਲਈ ਸ਼ੁਕਰੀਆ।’ ਕਾਂਗਰਸ ਆਗੂ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਪ੍ਰਧਾਨ ਮੰਤਰੀ ਨੇ ਬੀਤੇ ਦਿਨ ਕਰੋਨਾ ਦੇ ਹਾਲਾਤ ਦੀ ਸਮੀਖਿਆ ਲਈ ਸਰਕਾਰੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਮਮਤਾ ਬੈਨਰਜੀ ’ਤੇ ਪ੍ਰਧਾਨ ਮੰਤਰੀ ਮੋਦੀ ਦੀ ਟਿੱਪਣੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ‘ਕੀ ਪ੍ਰਧਾਨ ਮੰਤਰੀ ਨੂੰ ਇਸ ਲਹਿਜ਼ੇ ’ਚ ਕਿਸੇ ਮੁੱਖ ਮੰਤਰੀ ਦਾ ਜ਼ਿਕਰ ਕਰਨਾ ਚਾਹੀਦਾ ਹੈ?’ ਉਨ੍ਹਾਂ ਕਿਹਾ, ‘ਮੈਂ ਜਵਾਹਰ ਲਾਲ ਨਹਿਰੂ, ਮੋਰਾਰਜੀ ਦੇਸਾਈ ਜਾਂ ਅਟਲ ਬਿਹਾਰੀ ਵਾਜਪਾਈ ਵੱਲੋਂ ਅਜਿਹੀ ਭਾਸ਼ਾ ਦੀ ਵਰਤੋਂ ਕੀਤੇ ਜਾਣ ਬਾਰੇ ਸੋਚ ਵੀ ਨਹੀਂ ਸਕਦਾ।’ ਕਾਂਗਰਸ ਆਗੂ ਨੇ ਇੱਕ ਹੋਰ ਟਵੀਟ ’ਚ ਕਿਹਾ, ‘ਜ਼ਿਆਦਾਤਰ ਹਸਪਤਾਲਾਂ ਦੇ ਦਰਵਾਜ਼ਿਆਂ ’ਤੇ ‘ਟੀਕੇ ਨਹੀਂ ਹਨ’ ਦੇ ਬੋਰਡ ਲਟਕ ਰਹੇ ਹਨ ਤੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਦਾਅਵਾ ਕਰ ਰਹੇ ਹਨ ਕਿ ਟੀਕਿਆਂ ਦੀ ਸਪਲਾਈ ’ਚ ਕੋਈ ਘਾਟ ਨਹੀਂ ਹੈ।’ ਉਨ੍ਹਾਂ ਸਿਹਤ ਮੰਤਰੀ ’ਤੇ ਵੀ ਵਿਅੰਗ ਕਰਦਿਆਂ ਕਿਹਾ, ‘ਮੰਤਰੀ ’ਤੇ ਭਰੋਸਾ ਕਰੀਏ ਤਾਂ ਟੀਕਿਆਂ, ਰੈਮਡੇਸਿਵਿਰ, ਬੈੱਡਾਂ, ਡਾਕਟਰਾਂ, ਨਰਸਾਂ ਦੀ ਕੋਈ ਕਮੀ ਨਹੀਂ ਹੈ, ਸਿਰਫ਼ ਮਰੀਜ਼ਾਂ ਦੀ ਕਮੀ ਹੈ।’ -ਪੀਟੀਆਈ