ਗਗਨਦੀਪ ਅਰੋੜਾ
ਲੁਧਿਆਣਾ, 19 ਅਗਸਤ
ਸਨਅਤੀ ਸ਼ਹਿਰ ਦੇ ਇਸਲਾਮਗੰਜ ਪ੍ਰੇਮ ਵਿਹਾਰ ਸਥਿਤ ਫੀਲਡਗੰਜ ਦੇ ਕੂਚਾ ਨੰਬਰ-16 ਵਿੱਚ ਵੀਰਵਾਰ ਦੀ ਸਵੇਰੇ ਪਲਾਸਟਿਕ ਦੀ ਦੁਕਾਨ ਤੇ ਗੋਦਾਮ ਵਿੱਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦੁਕਾਨ ਤੇ ਗੁਦਾਮ ’ਚ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਸੂਚਨਾ ਮਿਲਦੇ ਹੀ ਅੱਗ ਬੁਝਾਊ ਅਮਲੇ ਦੀਆਂ ਸਾਰੇ ਸਟੇਸ਼ਨਾਂ ਤੋਂ ਗੱਡੀਆਂ ਪੁੱਜੀਆਂ। ਅੱਗ ’ਤੇ ਕਰੀਬ 6 ਘੰਟੇ ਦੀ ਮਿਹਨਤ ਤੋਂ ਬਾਅਦ ਕਾਬੂ ਪਾਇਆ ਗਿਆ। ਅੱਗ ਲੱਗਣ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੋਇਆ ਹੈ। ਗੁਦਾਮ ’ਚ ਲੱਗਿਆ ਫਾਇਰ ਸਿਸਟਮ ਵੀ ਮੌਕੇ ’ਤੇ ਨਹੀਂ ਚੱਲਿਆ। ਚੌਥੀ ਮੰਜ਼ਿਲ ’ਤੇ ਬਣੇ ਇੱਕ ਛੋਟੇ ਕਮਰੇ ’ਚ ਦੇਖਭਾਲ ਲਈ ਨੌਕਰ ਰੱਖਿਆ ਹੋਇਆ ਸੀ, ਉਸ ਨੌਜਵਾਨ ਨੇ ਚੌਥੀ ਮੰਜ਼ਿਲ ਤੋਂ ਨਾਲ ਵਾਲੀ ਬਿਲਡਿੰਗ ’ਤੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।
ਦੁਕਾਨ ਮਾਲਕ ਪ੍ਰਿੰਸ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰਿੰਸ ਟਰੇਡਰਜ਼ ਦੇ ਨਾਮ ਤੋਂ ਲਿਫ਼ਾਫ਼ੇ ਤੇ ਡਿਸਪੋਜ਼ਲ ਦੀ ਦੁਕਾਨ ਹੈ। ਦੁਕਾਨ ਦੇ ਉਪਰ ਅਤੇ ਨਾਲ ਵਾਲੀ ਬਿਲਡਿੰਗ ਨੂੰ ਉਨ੍ਹਾਂ ਨੇ ਗੁਦਾਮ ਬਣਾਇਆ ਹੋਇਆ ਹੈ। ਵੀਰਵਾਰ ਦੀ ਸਵੇਰੇ ਕਰੀਬ 5 ਕੁ ਵਜੇ ਅਚਾਨਕ ਦੁਕਾਨ ’ਚ ਅੱਗ ਲੱਗ ਗਈ। ਆਸਪਾਸ ਦੇ ਲੋਕਾਂ ਨੇ ਤੁਰੰਤ ਪ੍ਰਿੰਸ ਨੂੰ ਇਸਦੀ ਜਾਣਕਾਰੀ ਦਿੱਤੀ ਤੇ ਉਸਨੇ ਅੱਗ ਬੁਝਾਊ ਅਮਲੇ ਨੂੰ ਇਸ ਬਾਰੇ ਸੂਚਿਤ ਕੀਤਾ। ਉਥੇ ਆਸਪਾਸ ਦੇ ਲੋਕਾਂ ਨੇ ਵੀ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਕਾਮਯਾਬ ਨਹੀਂ ਹੋ ਸਕੇ। ਪ੍ਰਿੰਸ ਅਨੁਸਾਰ ਦੁਕਾਨ ਤੇ ਗੁਦਾਮ ’ਚ ਉਨ੍ਹਾਂ ਦਾ ਕਰੀਬ ਲੱਖਾਂ ਦਾ ਸਾਮਾਨ ਪਿਆ ਸੀ, ਜੋ ਸੜ ਕੇ ਸੁਆਹ ਹੋ ਚੁੱਕਿਆ ਹੈ।
60 ਤੋਂ ਵੱਧ ਗੱਡੀਆਂ ਨੇ ਪਾਇਆ ਅੱਗ ’ਤੇ ਕਾਬੂ
ਅੱਗ ਬੁਝਾਊ ਸਟੇਸ਼ਨਾਂ ਤੋਂ ਗੱਡੀਆਂ ਬੁਲਾਈਆਂ ਗਈਆਂ। ਇਸ ਦੌਰਾਨ ਫਾਇਰ ਕਰਮੀ ਰਾਜਿੰਦਰ ਦੀ ਅਗਵਾਈ ’ਚ ਕਰਮੀਆਂ ਨੇ 60 ਤੋਂ ਵੱਧ ਪਾਣੀ ਵਾਲੀਆਂ ਗੱਡੀਆਂ ਨਾਲ 6 ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਦੁਕਾਨ ਤੇ ਗੁਦਾਮ ’ਚ ਪਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਅੱਗ ਦੌਰਾਨ ਜਦੋਂ ਫਾਇਰ ਮੁਲਾਜ਼ਮਾਂ ਨੇ ਮੇਨ ਦੁਕਾਨ ਦਾ ਸ਼ਟਰ ਤੋੜਨਾ ਸ਼ੁਰੂ ਕੀਤਾ ਤਾਂ ਇਸੇ ਦੌਰਾਨ ਉਥੇ ਖੜ੍ਹੇ ਨੌਜਵਾਨ ਵੀ ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਮਿਹਨਤ ਕਰਨ ਲੱਗੇ। ਉਨ੍ਹਾਂ ਅੱਗ ’ਤੇ ਕਾਬੂ ਪਾਉਣ ਲਈ ਸ਼ਟਰ ਤੋੜਿਆ ਤੇ ਸ਼ਟਰ ਇੱਕ ਦਮ ਥੱਲੇ ਡਿੱਗ ਪਿਆ ਤੇ ਸ਼ਟਰ ਇੱਕ ਨੌਜਵਾਨ ਦੇ ਮੂੰਹ ’ਤੇ ਡਿੱਗਿਆ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਫਾਇਰ ਅਫ਼ਸਰ ਰਾਜਿੰਦਰ ਨੇ ਦੱਸਿਆ ਕਿ ਅੱਗ ਦੀ ਸੂਚਨਾ ਮਿਲਦੇ ਹੀ ਸਾਰੇ ਸਟੇਸ਼ਨਾਂ ਤੋਂ ਗੱਡੀਆਂ ਪੁੱਜ ਗਈਆਂ ਸਨ। ਉਨ੍ਹਾਂ ਨੇ ਕਿਹਾ ਕਿ ਜਾਂਚ ਕੀਤੀ ਗਈ ਸੀ ਪਰ ਹਾਲੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਅੱਗ ਕਿਵੇਂ ਲੱਗੀ ਹੈ।