ਸੰਸਥਾਵਾਂ ’ਤੇ ਸਿਆਸੀ ਅਸਰ
8 ਮਈ ਨੂੰ ਮੁੱਖ ਪੰਨੇ ਉਪਰ ਲੱਗੀ ਖ਼ਬਰ ‘ਮੈਨੂੰ ਸਜ਼ਾ ਦਿਓ ਪਰ ਚੋਣ ਕਮਿਸ਼ਨ ਨੂੰ ਸ਼ੱਕ ਤੋਂ ਮੁਕਤ ਕਰੋ: ਰਾਜੀਵ ਕੁਮਾਰ’ ਪੜ੍ਹੀ। ਸੱਚਮੁੱਚ, ਸਚਾਈ ਕਿੰਨੀ ਕੌੜੀ ਹੁੰਦੀ ਹੈ। ਜਦੋਂ ਤੋਂ ਮੋਦੀ ਸਰਕਾਰ ਆਈ ਹੈ, ਇਸ ਨੇ ਹਰ ਸੰਸਥਾ, ਇਹ ਭਾਵੇਂ ਸੀਬੀਆਈ ਹੈ, ਈਡੀ ਹੈ, ਚੋਣ ਕਮਿਸ਼ਨ ਹੈ ਜਾਂ ਨੀਤੀ ਆਯੋਗ ਹੈ (ਇਥੋਂ ਤਕ ਕਿ ਕੁਝ ਹੱਦ ਤਕ ਨਿਆਂਪਾਲਿਕਾ ਵੀ) ਨੂੰ ਅਸਿੱਧੇ ਢੰਗ ਨਾਲ ਆਪਣੇ ਪ੍ਰਭਾਵ ਹੇਠ ਲੈ ਲਿਆ ਹੈ। ਵਿਧਾਨ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਬਹੁਤ ਨਿਰਾਸ਼ਾਜਨਕ ਅਤੇ ਪੱਖਪਾਤੀ ਰਹੀ ਹੈ। ਮਦਰਾਸ ਹਾਈ ਕੋਰਟ ਦੀਆਂ ਟਿੱਪਣੀਆਂ ਬਹੁਤ ਢੁਕਵੀਆਂ ਅਤੇ ਜਾਇਜ਼ ਹਨ। ਇਨ੍ਹਾਂ ਤੋਂ ਹੋਰ ਸੰਸਥਾਵਾਂ ਨੂੰ ਸਬਕ ਲੈਣਾ ਚਾਹੀਦਾ ਹੈ ਅਤੇ ਸੰਵਿਧਾਨ ਮੁਤਾਬਕ ਆਪਣਾ ਕੰਮ ਕਰਨਾ ਚਾਹੀਦਾ ਹੈ।
ਅਮਨਦੀਪ ਸਿੰਘ, ਗੋਨਿਆਣਾ ਮੰਡੀ (ਬਠਿੰਡਾ)
ਅਧਿਆਪਕਾਂ ਦੇ ਕੰਮ
11 ਮਈ ਨੂੰ ਨਜ਼ਰੀਆ ਪੰਨੇ ਉੱਤੇ ਮਾਸਟਰ ਹਰਭਿੰਦਰ ਸਿੰਘ ਦਾ ਮਿਡਲ ‘ਸਿਵਲ ਵਰਕਸ ਅਧਿਆਪਕ’ ਪੜ੍ਹਿਆ। ਲੇਖਕ ਨੇ ਅਧਿਆਪਨ ਨਾਲ ਜੁੜੇ ਕਈ ਮੁੱਦੇ ਛੋਹੇ ਹਨ। ਅਸਲ ਗੱਲ ਇਹ ਵੀ ਹੈ ਕਿ ਯੋਗ ਪ੍ਰਿੰਸੀਪਲ ਅਧਿਆਪਕਾਂ ਦੇ ਕੰਮ ਨੂੰ ਬਰਾਬਰ ਵੰਡ ਕੇ ਅਧਿਆਪਨ ਅਤੇ ਸਕੂਲ ਵਿਕਾਸ ਨਾਲ ਜੁੜੇ ਕੰਮਾਂ ਨੂੰ ਨਬਿੇੜ ਸਕਦਾ ਹੈ। ਗ਼ੈਰ ਵਿਦਿਅਕ ਕੰਮਾਂ ਵਿਚ ਪ੍ਰਾਈਵੇਟ ਸਕੂਲਾਂ ਨੂੰ ਵੀ ਬਰਾਬਰ ਦੇ ਹਿੱਸੇਦਾਰ ਬਣਾਉਣਾ ਚਾਹੀਦਾ ਹੈ।
ਹਰਬੰਸ ਸਿੰਘ ਸੰਧੂ, ਤਲਵੰਡੀ ਸਾਬੋ (ਬਠਿੰਡਾ)
(2)
ਲੰਮਾ ਸਮਾਂ ਬੇਰੁਜ਼ਗਾਰੀ ਦਾ ਸੰਤਾਪ, ਧਰਨੇ ਮੁਜ਼ਾਹਰੇ, ਪੁਲੀਸ ਤਸ਼ੱਦਦ ਝੱਲ ਕੇ ਬਹੁਤ ਥੋੜ੍ਹਿਆਂ ਨੂੰ, ਘੱਟ ਤਨਖ਼ਾਹ ’ਤੇ ਘਰ ਤੋਂ ਦੂਰ ਜੇ ਨੌਕਰੀ ਮਿਲ ਗਈ, ਘਰ ’ਚ ਖੁਸ਼ੀ ਦਾ ਮਾਹੌਲ ਹੈ ਪਰ 50 ਫ਼ੀਸਦੀ ਅਧਿਆਪਕ ਗ਼ੈਰ ਵਿਦਿਅਕ ਕੰਮ ਵਿਚ ਉਲਝੇ ਹੋਏ ਮਿਲੇ। ਸਰਕਾਰੀ ਸਕੂਲ ਅਧਿਆਪਕਾਂ ਤੋਂ ਪੜ੍ਹਾਈ ਦਾ ਕੰਮ ਲੈਣ ਤਾਂ ਹੀ ਦਾਖ਼ਲਾ ਵਧੇਗਾ। ‘ਸਿਵਲ ਵਰਕਸ ਅਧਿਆਪਕ’ ਵਾਲਾ ਮਿਡਲ ਬਹੁਤੇ ਅਧਿਆਪਕਾਂ ਦੀ ਤਰਾਸਦੀ ਬਿਆਨ ਕਰਦਾ ਹੈ। ਪੁਰਾਣੇ ਅਧਿਆਪਕ ਵੀ ਕੰਮ ਦੇ ਬੋਝ ਤੋਂ ਅੱਕੇ ਹੋਣ ਕਰ ਕੇ ਨਵੇਂ ਤੋਂ ਆਸ ਰੱਖਦੇ ਹਨ ਕਿ ਬੋਝ ਘਟੇਗਾ। ਸਿੱਖਿਆ ਵਿਭਾਗ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕਿਆ।
ਬਲਵੰਤ ਸਿੰਘ ਸੋਹੀ, ਪਿੰਡ ਬਾਗੜੀਆਂ (ਸੰਗਰੂਰ)
ਪੱਖਪਾਤੀ ਵਤੀਰਾ
9 ਮਈ ਦੇ ਅੰਕ ਵਿਚ ਸਫ਼ਾ 12 ਉਤੇ ਪ੍ਰਕਾਸ਼ਿਤ ਖ਼ਬਰ ਵਿਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਜੇਲ੍ਹਾਂ ਵਿਚ ਭੀੜ ਘਟਾਉਣ ਲਈ ਕੈਦੀਆਂ ਨੂੰ ਪੈਰੋਲ ਉਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਪਿਛਲੇ ਸਾਲ ਮਾਰਚ ਮਹੀਨੇ ਵੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਬਣੀ ਉੱਚ ਤਾਕਤੀ ਕਮੇਟੀ ਨੇ ਕੇਂਦਰ ਸਰਕਾਰ ਨੂੰ ਸਿਫਾਰਸ਼ ਕੀਤੀ ਸੀ ਕਿ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ 60 ਸਾਲ ਤੋਂ ਉਪਰ ਮੁਲਜ਼ਮਾਂ ਅਤੇ ਵਿਚਾਰਾਧੀਨ ਕੈਦੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ ਪਰ ਅਫਸੋਸ! ਕੇਂਦਰ ਨੇ ਪੱਖਪਾਤੀ ਵਤੀਰਾ ਅਪਣਾਇਆ ਹੈ। ਦਿੱਲੀ ਯੂਨੀਵਰਸਿਟੀ ਦੇ ਪ੍ਰੋ. ਜੀਐਨ ਸਾਈਬਾਬਾ ਜੋ ਸਰੀਰ ਤੋਂ ਨੱਬੇ ਫੀਸਦੀ ਅਪਾਹਿਜ ਹਨ, ਨੂੰ ਪੈਰੋਲ ਉਤੇ ਰਿਹਾਅ ਨਹੀਂ ਕੀਤਾ ਜਾ ਰਿਹਾ। 76 ਸਾਲ ਦੇ ਤੇਲਗੂ ਕਵੀ ਵਰਵਰਾ ਰਾਓ, 82 ਸਾਲ ਦੇ ਪਾਦਰੀ ਸਟੈਨ ਸਵਾਮੀ, ਵਕੀਲ ਸੁਧਾ ਭਾਰਦਵਾਜ, ਗੌਤਮ ਨਵਲੱਖਾ, ਅਰੁਣ ਫਰੇਰਾ, ਪ੍ਰੋ. ਆਨੰਦ ਤੇਲਤੁੰਬੜੇ ਅਤੇ ਹੋਰ ਬੁੱਧੀਜੀਵੀ ਤੇ ਲੇਖਕ, ਜੋ ਭੀਮਾ ਕੋਰੇਗਾਓਂ ਦੇ ਝੂਠੇ ਕੇਸ ਵਿਚ ਜੇਲ੍ਹਾਂ ਵਿਚ ਨਾਜਾਇਜ਼ ਹੀ ਨਜ਼ਰਬੰਦ ਹਨ ਅਤੇ ਗੰਭੀਰ ਬਿਮਾਰੀਆਂ ਦੇ ਸ਼ਿਕਾਰ ਹਨ, ਨੂੰ ਵੀ ਸਰਕਾਰ ਵਲੋਂ ਜਾਣਬੁਝ ਕੇ ਰਿਹਾਅ ਨਹੀਂ ਕੀਤਾ ਜਾ ਰਿਹਾ ਜਦਕਿ ਜਾਂਚ ਏਜੰਸੀਆਂ ਇਨ੍ਹਾਂ ਖਿ਼ਲਾਫ਼ ਅਦਾਲਤ ਵਿਚ ਕੋਈ ਵੀ ਸਬੂਤ ਪੇਸ਼ ਨਹੀਂ ਕਰ ਸਕੀਆਂ।
ਸੁਮੀਤ ਸਿੰਘ, ਅੰਮ੍ਰਿਤਸਰ
ਦਿਲਚਸਪ ਵੇਰਵੇ
8 ਮਈ ਦੇ ਸਤਰੰਗ ਪੰਨੇ ’ਤੇ ਪ੍ਰੋ. ਕਮਲੇਸ਼ ਉੱਪਲ ਦਾ ਲੇਖ ‘ਤਾਰਿਆਂ ਤੋਂ ਪੁੱਛ ਚੰਨ ਵੇ’ ਪੜ੍ਹਿਆ। ਲੇਖ ਖੋਜ ਅਤੇ ਰੋਮਾਂਸ ਸ਼ੈਲੀ ਦਾ ਸੁਮੇਲ ਹੈ। ਚੰਨ ਕਾਦਰ ਦੀ ਕੁਦਰਤ ਦਾ ਮਨੁੱਖ ਨੂੰ ਬਖਸ਼ਿਆ ਸੁਨਹਿਰਾ ਵਰਦਾਨ ਤੋਂ ਗੱਲ ਸ਼ੁਰੂ ਕਰ ਕੇ ਦਾਦੀਆਂ-ਨਾਨੀਆਂ ਦੀਆਂ ਕਹਾਣੀਆਂ ਦਾ ਜ਼ਿਕਰ ਹੈ। ਪੂਰਨਮਾਸ਼ੀ, ਅਮਾਵਸ, ਇਕਾਦਸ਼ੀ, ਗਣੇਸ਼ ਚਤੁਰਥੀ, ਨੌਮੀ, ਦਸਮੀ ਹਿੰਦੂ ਧਰਮ ਨਾਲ ਜੁੜੇ ਵਰਤ ਹਨ ਤੇ ਈਦ ਦਾ ਚੰਦ ਮੁਸਲਿਮ ਭਾਈਚਾਰੇ ਲਈ ਮਹੱਤਵ ਰੱਖਦਾ ਹੈ। ਲੇਖ ਵਿਚ ਹੋਰ ਵੀ ਬਹੁਤ ਦਿਲਚਸਪ ਵੇਰਵੇ ਹਨ।
ਦਲਬਾਰ ਸਿੰਘ, ਚੱਠੇ ਸੇਖਵਾਂ (ਸੰਗਰੂਰ)