ਮਿਹਰ ਸਿੰਘ
ਕੁਰਾਲੀ, 7 ਸਤੰਬਰ
ਬਲਾਕ ਮਾਜਰੀ ਦੇ ਪਿੰਡ ਚੰਦਪੁਰ ਦੀ ਪੰਚਾਇਤੀ ਜ਼ਮੀਨ ਨੂੰ ਲੀਜ਼ ’ਤੇ ਦੇਣ ਦੇ ਵਿਰੋਧ ਵਜੋਂ ਅੱਜ ਪਿੰਡ ਵਾਸੀਆਂ, ਲੋਕ ਹਿੱਤ ਮਿਸ਼ਨ ਅਤੇ ਕਿਸਾਨ ਜਥੇਬੰਦੀਆਂ ਨੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਮਾਜਰੀ ਅੱਗੇ ਰੋਸ ਧਰਨਾ ਦਿੱਤਾ। ਪੰਚਾਇਤ ਵਿਭਾਗ ਨੇ ਅੱਜ ਲੋਕ ਰੋਹ ਅੱਗੇ ਝੁਕਦਿਆਂ ਜ਼ਮੀਨ ਲੀਜ਼ ’ਤੇ ਦੇਣ ਲਈ ਰੱਖੀ ਬੋਲੀ ਫਿਰ ਮੁਲਤਵੀ ਕਰ ਦਿੱਤੀ। ਅੱਜ ਦੂਜੀ ਵਾਰ ਰੱਖੀ ਬੋਲੀ ਨੂੰ ਸਿਰੇ ਚਾੜ੍ਹਨ ਲਈ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਜਸਪ੍ਰੀਤ ਕੌਰ ਅਤੇ ਸਿਵਲ ਪ੍ਰਸ਼ਾਸ਼ਨ ਦੇ ਅਧਿਕਾਰੀ ਬਲਾਕ ਦਫ਼ਤਰ ਪੁੱਜੇ। ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਭਾਰੀ ਗਿਣਤੀ ਵਿੱਚ ਪੁਲੀਸ ਤਾਇਨਾਤ ਕੀਤੀ ਗਈ। ਪੁਲੀਸ ਨੇ ਧਰਨਾਕਾਰੀ ਕਿਸਾਨਾਂ ਨੂੰ ਬਲਾਕ ਕੰਪਲੈਕਸ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਿਸ ਕਾਰਨ ਪਿੰਡ ਵਾਸੀਆਂ ਤੇ ਕਿਸਾਨਾਂ ਨੇ ਬਲਾਕ ਕੰਪਲੈਕਸ ਦੇ ਬਾਹਰ ਗੇਟ ਅੱਗੇ ਧਰਨਾ ਲਗਾ ਦਿੱਤਾ ਅਤੇ ਸਰਕਾਰ ਅਤੇ ਪ੍ਰਸ਼ਾਸ਼ਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਧਰਨੇ ਵਿੱਚ ਅਕਾਲੀ ਦਲ, ਆਮ ਆਦਮੀ ਪਾਰਟੀ ਸਮੇਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਵੀ ਸ਼ਿਰਕਤ ਕੀਤੀ। ਧਰਨੇ ਮੌਕੇ ਕਿਸਾਨ ਆਗੂ ਪਰਮਿੰਦਰ ਸਿੰਘ ਚਲਾਕੀ, ਰੇਸ਼ਮ ਸਿੰਘ ਬਡਾਲੀ, ਕੁਲਵਿੰਦਰ ਸਿੰਘ ਪੰਜੋਲਾ, ਸੋਨੀਆ ਮਾਨ, ਮਿਸ਼ਨ ਦੇ ਆਗੂ ਗੁਰਮੀਤ ਸਿੰਘ ਸਾਂਟੂ, ਸਰਪੰਚ ਹਰਜੀਤ ਸਿੰਘ ਢਕੋਰਾਂ, ਹਰਿੰਦਰ ਸਿੰਘ ਕੁਬਾਹੇੜੀ, ਸਤਨਾਮ ਸਿੰਘ ਦਾਊਂ ਸਮੇਤ ਵਸਨੀਕ ਸ਼ੁਭਮ ਗਿਰੀ ਤੇ ਦਰਸ਼ਨ ਸਿੰਘ ਨੇ ਕਿਹਾ ਕਿ ਭੂ-ਮਾਫ਼ੀਆ ਸਰਕਾਰ ਰਾਹੀਂ ਉਨ੍ਹਾਂ ਦੀ ਕਰੋੜਾਂ ਦੀ ਕੀਮਤ ਵਾਲੀ ਜ਼ਮੀਨ ਹੜੱਪਣਾ ਚਾਹੁੰਦਾ ਹੈ। ਧਰਨੇ ਨੂੰ ਅਕਾਲੀ ਦਲ ਦੇ ਦਿਹਾਤੀ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ, ‘ਆਪ’ ਆਗੂ ਪਰਮਿੰਦਰ ਸਿੰਘ ਗੋਲਡੀ ਤੇ ਜਗਦੇਵ ਸਿੰਘ ਮਲੋਆ ਨੇ ਸੰਬੋਧਨ ਕੀਤਾ।
ਇਸ ਦੌਰਾਨ ਡੀਡੀਪੀਓ ਸੁਖਚੈਨ ਸਿੰਘ, ਬੀਡੀਪੀਓ ਜਸਪ੍ਰੀਤ ਕੌਰ ਅਤੇ ਡੀਐੱਸਪੀ ਨੇ ਸੰਘਰਸ਼ ਕਮੇਟੀ ਨਾਲ ਮੀਟਿੰਗ ਕੀਤੀ ਗਈ ਪਰ ਕੋਈ ਹੱਲ ਨਾ ਹੋਣ ਉਪਰੰਤ ਡੀਸੀ ਨਾਲ ਮੀਟਿੰਗ ਕਰਵਾਈ ਜਿਨ੍ਹਾਂ ਨੂੰ ਮਾਮਲੇ ਸਬੰਧੀ ਜਾਣੂ ਕਰਵਾਇਆ ਗਿਆ ਜਿਸ ’ਤੇ ਬੋਲੀ ਰੋਕਣ ਦਾ ਫ਼ੈਸਲਾ ਹੋਇਆ ਅਤੇ ਪੰਚਾਇਤ ਵਿਭਾਗ ਨੇ ਬੋਲੀ ਨੂੰ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ। ਧਰਨਾ ਚੁੱਕਦਿਆਂ ਪਿੰਡ ਵਾਸੀਆਂ ਤੇ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਫਿਰ ਬੋਲੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਵੱਡਾ ਸੰਘਰਸ਼ ਕਰਨਗੇ।