ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 13 ਅਗਸਤ
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਸੰਨ 2018 ਤੋਂ ਬਾਅਦ ਕਿਸੇ ਵੀ ਕਾਡਰ ਵਿੱਚ ਪਦਉੱਨਤ ਹੋਏ ਅਧਿਆਪਕਾਂ ਦਾ ਵਿਸ਼ੇਸ਼ ਟੈਸਟ ਲੈਣ ਅਤੇ ਟੈਸਟ ਪਾਸ ਹੋਣ ਤੱਕ ਸਾਲਾਨਾ ਇੰਕਰੀਮੈਂਟ ਨਾ ਦੇਣ ਸਬੰਧੀ ਜਾਰੀ ਪੱਤਰ ਦਾ ਅਧਿਆਪਕ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜੀਟੀਯੂ ਦੇ ਆਗੂ ਧਰਮਿੰਦਰ ਸਿੰਘ ਭੰਗੂ ਨੇ ਦੱਸਿਆ ਕਿ ਇਸੇ ਰੋਸ ਕਾਰਨ ਅਧਿਆਪਕਾਂ ਨੇ ਸਕੂਲਾਂ ਵਿੱਚ ਟੈਸਟ ਲੈਣ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਇਹ ਪੱਤਰ ਪੂਰੀ ਤਰ੍ਹਾਂ ਤਰਕਹੀਣ ਹੈ, ਕਿਉਂਕਿ ਦੋ ਦਹਾਕੇ ਤੋਂ ਵੱਧ ਇੱਕ ਕਾਡਰ ਵਿੱਚ ਸੇਵਾ ਨਿਭਾਉਣ ਤੋਂ ਬਾਅਦ ਪਦਉੱਨਤ ਹੁੰਦਾ ਹੈ ਪਰ ਅਜਿਹੇ ਤਰਕਹੀਣ ਪੱਤਰ ਅਧਿਆਪਕ ਵਰਗ ਦੇ ਮਾਣ ਸਨਮਾਨ ਨੂੰ ਢਾਹ ਲਾਉਂਦੇ ਹਨ। ਸ੍ਰੀ ਭੰਗੂ ਨੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਪਹਿਲਾਂ ਹੀ ਅਧਿਆਪਕ ਵਰਗ ਨੂੰ ਮਾਣ ਸਨਮਾਨ ਦੇਣ ਦੀ ਗੱਲ ਆਖ ਚੁੱਕੇ ਹਨ, ਜਿਸ ਤੇ ਸਰਕਾਰ ਨੂੰ ਇਹ ਪੱਤਰ ਵਾਪਸ ਲੈਣਾ ਚਾਹੀਦਾ ਹੈ। ਇਸ ਦੌਰਾਨ ਹੋਰ ਸਕੂਲਾਂ ਵਿੱਚ ਅਧਿਆਪਕਾਂ ਵੱਲੋਂ ਉਕਤ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ।