ਪੁਰਨੀਆ/ਪਟਨਾ (ਬਿਹਾਰ), 5 ਅਕਤੂਬਰ
ਬਿਹਾਰ ਵਿਧਾਨ ਚੋਣਾਂ ਤੋਂ ਪਹਿਲਾਂ ਪੁਰਨੀਆ ਦੇ ਖਜਾਨਚੀ ਹਾਟ ਥਾਣੇ ’ਚ ਰਾਸ਼ਟਰੀ ਜਨਤਾ ਦਲ (ਆਰਜੇਡੀ) ਆਗੂ ਤੇਜਸਵੀ ਯਾਦਵ ਤੇ ਉਸ ਦੇ ਭਰਾ ਤੇਜ ਪ੍ਰਤਾਪ ਯਾਦਵ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਦਾ ਨਾਂ ਦਲਿਤ ਆਗੂ ਤੇ ਆਰਜੇਡੀ ਦੇ ਸਾਬਕਾ ਸੂਬਾਈ ਇਕਾਈ ਦੇ ਐੱਸਸੀ/ਐੱਸਟੀ ਸੈੱਲ ਦੇ ਸਕੱਤਰ ਸ਼ਕਤੀ ਮਲਿਕ ਦੇ ਕਤਲ ਕੇਸ ’ਚ ਸ਼ਾਮਲ ਕੀਤਾ ਗਿਆ ਹੈ। ਉੱਧਰ ਆਰਜੇਡੀ ਨੇ ਬਿਹਾਰ ਸਰਕਾਰ ’ਤੇ ਆਰਜੇਡੀ ਖ਼ਿਲਾਫ਼ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਹੈ।
ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸ਼ਕਤੀ ਮਲਿਕ ਦਾ ਬੀਤੇ ਦਿਨ ਅਣਪਛਾਤੇ ਵਿਅਕਤੀਆਂ ਨੇ ਪੁਰਨੀਆ ਸਥਿਤ ਉਸ ਦੀ ਰਿਹਾਇਸ਼ ’ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਤਨੀ ਖੁਸ਼ਬੂ ਦੇਵੀ ਦੇ ਬਿਆਨਾਂ ’ਤੇ ਆਰਜੇਡੀ ਆਗੂ ਤੇ ਬਿਹਾਰ ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਆਗੂ ਤੇਜਸਵੀ ਯਾਦਵ ਤੇ ਸਾਬਕਾ ਸਿਹਤ ਮੰਤਰੀ ਤੇਜ ਪ੍ਰਤਾਪ ਯਾਦਵ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। -ਆਈਏਐੱਨਐੱਸ