ਪਰਮਜੀਤ ਸਿੰਘ/ਕੁਲਦੀਪ ਸਿੰਘ ਬਰਾੜ
ਫਾਜ਼ਿਲਕਾ/ਮੰਡੀ ਘੁਬਾਇਆ, 29 ਜਨਵਰੀ
ਸਾਬਕਾ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੂੰ ਅੱਜ ਪਿੰਡ ਲੱਖੇ ਕੇ ਉਤਾੜ (ਲੱਖੇ ਕੜਾਹੀਆਂ) ਵਿੱਚ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਉਹ ਇੱਥੇ ਆਪਣੇ ਪੁੱਤਰ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਸਨ। ਪਿੰਡ ਵਾਸੀਆਂ ਨੇ ਕਿਹਾ ਕਿ ਉਨ੍ਹਾਂ ਦਵਿੰਦਰ ਘੁਬਾਇਆ ਨੂੰ ਵੋਟਾਂ ਪਾ ਕੇ ਮਾਣ-ਸਨਮਾਨ ਦਿੱਤਾ ਸੀ ਪਰ ਉਹ ਪੰਜ ਸਾਲਾਂ ਵਿੱਚ ਨਾ ਤਾਂ ਪਿੰਡ ’ਚ ਆਇਆ ਅਤੇ ਨਾ ਹੀ ਕੋਈ ਗਰਾਂਟ ਜਾਰੀ ਕੀਤੀ। ਸਗੋਂ ਉਨ੍ਹਾਂ ਦੇ ਆਟਾ-ਦਾਲ ਦੇ ਕਾਰਡ ਵੀ ਕਟਾ ਦਿੱਤੇ ਅਤੇ ਪਿੰਡ ਵਾਸੀਆਂ ’ਤੇ ਨਾਜਾਇਜ਼ ਪਰਚੇ ਵੀ ਕਰਵਾਏ ਗਏ। ਲੋਕਾਂ ਨੂੰ ਸਮਝਾਉਣ ਲਈ ਸ਼ੇਰ ਸਿੰਘ ਘੁਬਾਇਆ ਭਾਵੇਂ ਦਲੀਲਾਂ ਦਿੰਦੇ ਰਹੇ ਪਰ ਪਿੰਡ ਦੇ ਲੋਕਾਂ ਨੇ ਉਨ੍ਹਾਂ ਦੀ ਇੱਕ ਨਾ ਸੁਣੀ। ਅਖੀਰ ਉਨ੍ਹਾਂ ਹੱਥ ਜੋੜ ਕੇ ਉਥੋਂ ਜਾਣਾ ਹੀ ਠੀਕ ਸਮਝਿਆ। ਵਿਰੋਧ ਕਰ ਰਹੇ ਲੋਕਾਂ ਵੱਲੋਂ ਘੁਬਾਇਆ ਪਰਿਵਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਗਈ।
ਥੋੜ੍ਹਾ-ਬਹੁਤਾ ਵਿਰੋਧ ਚੱਲਦਾ ਰਹਿੰਦੈ: ਘੁਬਾਇਆ
ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਵਿਰੋਧ ਕਰਨ ਵਾਲੇ ਲੋਕ ਉਨ੍ਹਾਂ ਦੇ ਰਿਸ਼ਤੇਦਾਰ ਹੀ ਹਨ ਅਤੇ ਉਨ੍ਹਾਂ ਹੀ ਵੋਟਾਂ ਪਾਉਣੀਆਂ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਥੋੜ੍ਹਾ-ਬਹੁਤਾ ਵਿਰੋਧ ਚੱਲਦਾ ਹੀ ਰਹਿੰਦਾ ਹੈ। ਦੂਜੇ ਪਾਸੇ ਪਿੰਡ ਮੌਜਮ ’ਚ ਲੋਕਾਂ ਵੱਲੋਂ ਦਵਿੰਦਰ ਘੁਬਾਇਆ ਦੇ ਹੱਕ ਵਿੱਚ ਨਾਅਰੇ ਲਾਏ ਗਏ। ਆਪਣੀ ਚੋਣ ਮੁਹਿੰਮ ਬਾਰੇ ਦਵਿੰਦਰ ਘੁਬਾਇਆ ਨੇ ਕਿਹਾ ਕਿ ਉਨ੍ਹਾਂ ਨੂੰ ਹਲਕੇ ਦੇ ਵੋਟਰਾਂ ਵੱਲੋਂ ਵੱਡੇ ਪੱਧਰ ’ਤੇ ਸਹਿਯੋਗ ਮਿਲ ਰਿਹਾ ਹੈ।