ਗੁਰਸੇਵਕ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 8 ਜੂਨ
ਸਰਕਾਰੀ ਢਾਂਚੇ ਦੀ ਪਿੰਡ ਦੇ ਲੋਕਾਂ ਨਾਲ ਜੁੜੀ ਆਖਰੀ ਕੜੀ ਪੇਂਡੂ ਚੌਕੀਦਾਰਾਂ ਦੇ ਪਿਛਲੇ ਸੱਤ ਮਹੀਨਿਆਂ ਤੋਂ ਬੋਝੇ ਖਾਲ੍ਹੀ ਹਨ। ਲਗਾਤਾਰ ਤਨਖਾਹਾਂ ਨਾ ਮਿਲਣ ਕਰਕੇ ਉਹ ਡਾਢੇ ਪ੍ਰੇਸ਼ਾਨ ਹਨ। ਖਾਲ੍ਹੀ ਬੋਝਿਆਂ ਨਾਲ ਚੌਵੀ ਘੰਟੇ ਹਾਜ਼ਰ ਰਹਿਣ ਦੇ ਬਾਵਜੂਦ ਉਨ੍ਹਾਂ ਦੀ ਕਿਤੇ ਸੁਣਵਾਈ ਨਾ ਹੋਣ ਕਰਕੇ ਅਖੀਰ ਹੁਣ ਉਨ੍ਹਾਂ ਡਿਪਟੀ ਕਮਿਸ਼ਨਰ ਦਫਤਰ ਦਾ ਬੂਹਾ ਖੜਕਾਉਂਦਿਆਂ ਤਨਖਾਹਾਂ ਦੇਣ ਦੀ ਮੰਗ ਕੀਤੀ ਹੈ। ਪੇਂਡੂ ਚੌਂਕੀਦਾਰ ਯੂਨੀਅਨ ਦੇ ਸੂਬਾਈ ਆਗੂ ਗੁਰਮੀਤ ਸਿੰਘ ਮਹਿਰਾਜਵਾਲਾ ਤੇ ਗੁਰਮੀਤ ਸਿੰਘ ਬਰਕੰਦੀ, ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ, ਅੰਗਰੇਜ਼ ਸਿੰਘ ਚਿੱਬੜਾਂਵਾਲੀ, ਰੇਸ਼ਮ ਸਿੰਘ, ਬਲਵਿੰਦਰ ਸਿੰਘ, ਬੇਅੰਤ ਸਿੰਘ, ਗੁਰਾ ਸਿੰਘ ਹੋਰਾਂ ਨੇ ਦੱਸਿਆ ਕਿ ਇਕ ਤਾਂ ਪਹਿਲਾਂ ਹੀ ਉਨ੍ਹਾਂ ਨੂੰ ਮਹਿਜ਼ 1250 ਰੁਪਏ ਮਹੀਨਾ ਤਨਖਾਹ ਮਿਲਦੀ ਹੈ ਤੇ ਹੁਣ ਉਹ ਵੀ ਸੱਤ ਮਹੀਨਿਆਂ ਤੋਂ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਉਹ ਚੌਵੀ ਘੰਟੇ ਸਰਕਾਰ ਦਾ ਹੁਕਮ ਵਜਾਉਂਦੇ ਹਨ। ਕਰੋਨਾ ਦੇ ਵਿੱਚ ਵੀ ਕੰਮ ਕਰਦੇ ਰਹੇ ਹਨ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀ ਤਨਖਾਹ ਵਿੱਚ ਵਾਧਾ ਕੀਤਾ ਜਾਵੇ, ਪਿਛਲੀਆਂ ਤਨਖਾਹਾਂ ਦਿੱਤੀਆਂ ਜਾਣ ਅਤੇ ਅੱਗੇ ਵਾਸਤੇ ਲਗਾਤਾਰ ਤਨਖਾਹ ਮਿਲਣੀ ਯਕੀਨੀ ਬਣਾਈ ਜਾਵੇ। ਇਸ ਮੌਕੇ ਜ਼ਿਲ੍ਹੇ ਭਰ ਦੇ ਪੇਂਡੂ ਚੌਕੀਦਾਰ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੀ ਮੰਗ ਸਰਕਾਰ ਤੱਕ ਪੁੱਜਦੀ ਕਰਨ ਦਾ ਭਰੋਸਾ ਦਿੱਤਾ ਹੈ।