ਮਹਾਂਵੀਰ ਮਿੱਤਲ
ਜੀਂਦ/ਨਰਵਾਣਾ, 12 ਜੂਨ
ਨਰਵਾਣਾ ਦੇ ਲਘੂ-ਸਕੱਤਰੇਤ ਵਿੱਚ ਆਪਣੀਆਂ ਮੰਗਾਂ ਸਬੰਧੀ ਦਿੱਤਾ ਜਾ ਰਿਹਾ ਕਿਸਾਨਾਂ ਦਾ ਧਰਨਾ 44ਵੇਂ ਦਿਨ ਵੀ ਜਾਰੀ ਰਿਹਾ। ਅਖਿਲ ਭਾਰਤੀ ਕਿਸਾਨ ਸਭਾ ਹਰਿਆਣਾ ਦੇ ਸੂਬਾਈ ਕਾਰਜਕਾਰਨੀ ਦੇ ਮੈਂਬਰ ਮਾਸਟਰ ਬਲਵੀਰ ਸਿੰਘ ਦੀ ਅਗਵਾਈ ਹੇਠ ਇਹ ਧਰਨਾ ਦਿੱਤਾ ਜਾ ਰਿਹਾ ਹੈ, ਜਿਸ ਦੀ ਪ੍ਰਧਾਨਗੀ ਪ੍ਰਿਥੀ ਸਿੰਘ ਧਰਮਗੜ੍ਹ ਨੇ ਕੀਤੀ ਅਤੇ ਮੰਚ ਦਾ ਸੰਚਾਲਨ ਅਨੀਤਾ ਕਰਮਗੜ੍ਹ ਨੇ ਕੀਤਾ। ਕਿਸਾਨਾਂ ਦੇ ਧਰਨੇ ਵਿੱਚ ਸ਼ਿਰਕਤ ਕਰਦੇ ਹੋਏ ਭਾਰਤ ਭੂਸ਼ਨ ਗਰਗ ਨੇ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕੀਤੀ ਅਤੇ ਧਰਨੇ ਨੂੰ ਜਾਇਜ਼ ਕਰਾਰ ਦਿੰਦੇ ਹੋਏ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਇੰਨੀ ਅਤਿ ਦੀ ਗਰਮੀ ਅਤੇ ਚੱਲਦੀ ਲੂ ਵਿੱਚ ਕਿਸਾਨ ਇੱਥੇ ਲਘੂ-ਸਕੱਤਰੇਤ ਵਿੱਚ ਪਹੁੰਚ ਕੇ ਧਰਨਾ ਦੇ ਰਹੇ ਹਨ, ਸਰਕਾਰ ਨੂੰ ਇਨ੍ਹਾਂ ਦੀ ਮੰਗਾਂ ਮੰਨ ਕੇ ਰਾਹਤ ਦੇਣੀ ਚਾਹੀਦੀ ਹੈ। ਇਸ ਮੌਕੇ ਉੱਤੇ ਡਿੰਪਲ, ਪਤਾਸ਼ੋ, ਕਮਲੇਸ਼, ਸੰਤਰੋਂ, ਲਾਭ ਕੌਰ, ਟਾਲਾ ਰਾਮ, ਸਮਸ਼ੇਰ ਸਿੰਘ, ਓਮ ਪ੍ਰਕਾਸ਼, ਰਾਮ ਚੰਦਰ, ਲੀਲੂ, ਸੀਮਾ ਅਤੇ ਬਿਮਲਾ ਆਦਿ ਹਾਜ਼ਰ ਸਨ।