ਨਿੱਜੀ ਪੱਤਰ ਪ੍ਰੇਰਕ
ਖੰਨਾ, 14 ਮਈ
ਮਨੁੱਖੀ ਅਧਿਕਾਰ ਮੰਚ ਦੀ ਟੀਮ ਨੇ ‘ਰੁੱਖ ਤੇ ਮਨੁੱਖ’ ਭਲਾਈ ਸੰਸਥਾ ਦੇ ਸਹਿਯੋਗ ਨਾਲ ਮਸਜਿਦ ਵਿੱਚ ਬੂਟੇ ਲਾ ਕੇ ਈਦ ਦਾ ਪਵਿੱਤਰ ਤਿਉਹਾਰ ਮਨਾਇਆ। ਇਸ ਮੌਕੇ ਹਰਦੀਪ ਸਿੰਘ, ਹਰਭਜਨ ਸਿੰਘ ਅਤੇ ਲਖਵਿੰਦਰ ਸਿੰਘ ਨੇ ਮੁਸਲਮਾਨ ਭਾਈਚਾਰੇ ਨੂੰ ਈਦ ਦੀ ਵਧਾਈ ਦਿੰਦਿਆਂ ਮੂੰਹ ਮਿੱਠਾ ਕਰਵਾਇਆ ਅਤੇ ਭਵਿੱਖ ਵਿਚ ਵੀ ਵੱਧ ਤੋਂ ਵੱਧ ਬੂਟੇ ਲਾ ਕੇ ਵਾਤਾਵਰਨ ਸ਼ੁੱਧਤਾ ਲਈ ਇਨ੍ਹਾਂ ਦਾ ਧਿਆਨ ਰੱਖਣ ਦਾ ਪ੍ਰਣ ਲਿਆ। ਇਸ ਮੌਕੇ ਜਸਵਿੰਦਰ ਸਿੰਘ, ਪੂਜਾ ਸਾਹਨੇਵਾਲੀਆ ਨੇ ਵੀ ਆਪਣੇ ਵਿਚਾਰ ਰੱਖੇ।
ਇੱਥੇ ਈਦ ਦੇ ਤਿਉਹਾਰ ਮੌਕੇ ਨਮਾਜ਼ ਅਦਾ ਕਰਨ ਉਪਰੰਤ ਸਮੂਹ ਲੋਕਾਂ ਨੂੰ ਵਧਾਈ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿਭਾਗ ਦੇ ਚੇਅਰਮੈਨ ਦਿਲਬਰ ਮੁਹੰਮਦ ਖ਼ਾਨ ਨੇ ਆਖਿਆ ਕਿ ਮਾਲੇਰਕੋਟਲਾ ਦੇ ਨਾਲ ਸੂਬੇ ਵਿਚ ਵਸਦੇ ਮੁਸਲਮਾਨਾਂ ਅਤੇ ਹੋਰ ਘੱਟ ਗਿਣਤੀ ਵਰਗਾਂ ਦੀਆਂ ਮੰਗਾਂ ਵੱਲ ਵੀ ਸੂਬਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਮਾਲੇਰਕੋਟਲਾ ਨੂੰ ਨਵਾਂ ਜ਼ਿਲ੍ਹਾ ਐਲਾਨ ਕੇ ਈਦ ਦਾ ਵੱਡਾ ਤੋਹਫ਼ਾ ਦਿੱਤਾ ਹੈ ਅਤੇ ਹੁਣ ਸਰਕਾਰ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਵਿਚ ਵੱਸਦੇ ਮੁਸਲਮਾਨਾਂ ਦੀਆਂ ਵਿਸ਼ੇਸ਼ ਮੰਗ ਵੱਲ ਵੀ ਧਿਆਨ ਦੇਵੇ। ਖ਼ਾਨ ਨੇ ਕਿਹਾ ਕਿ ਕਈ ਸ਼ਹਿਰਾਂ ਵਿਚ ਈਦਗਾਹਾਂ ਨਹੀਂ ਹਨ, ਜਿਸ ਕਾਰਨ ਭਾਈਚਾਰੇ ਨੂੰ ਈਦ ਮੌਕੇ ਸੜਕਾਂ ’ਤੇ ਹੀ ਨਮਾਜ਼ ਅਦਾ ਕਰਨੀ ਪੈਂਦੀ ਹੈ। ਅੱਜ ਭਾਈਚਾਰੇ ਵੱਲੋਂ ਕਰੋਨਾ ਨਿਯਮਾਂ ਦੀ ਪਾਲਣਾ ਕਰਦਿਆਂ ਨਮਾਜ਼ ਅਦਾ ਕੀਤੀ ਗਈ ਤੇ 100 ਤੋਂ ਵਧੇਰੇ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਤੇ ਹੋਰ ਜ਼ਰੂਰੀ ਸਾਮਾਨ ਵੰਡਿਆ।