ਚਿਤਰਕੂਟ (ਯੂਪੀ), 14 ਮਈ
ਉੱਤਰ ਪ੍ਰਦੇਸ਼ ਦੇ ਚਿਤਰਕੂਟ ਜ਼ਿਲ੍ਹੇ ਦੀ ਰਗੌਲੀ ਜੇਲ੍ਹ ਵਿੱਚ ਆਪਸੀ ਝਗੜੇ ਮਗਰੋਂ ਇੱਕ ਹਵਾਲਾਤੀ ਨੇ ਦੋ ਕੈਦੀਆਂ ਨੂੰ ਗੋਲੀਆਂ ਮਾਰ ਦਿੱਤੀਆਂ। ਦੋਵਾਂ ਕੈਦੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਗਰੋਂ ਜੇਲ੍ਹ ਦੇ ਸੁਰੱਖਿਆ ਕਰਮੀਆਂ ਨੇ ਉਸ ਨੂੰ ਵੀ ਮਾਰ ਦਿੱਤਾ। ਰਗੌਲੀ ਜੇਲ੍ਹ ਦੇ ਜੇਲ੍ਹਰ ਐੱਸਪੀ ਤ੍ਰਿਪਾਠੀ ਨੇ ਦੱਸਿਆ ਕਿ ਜੇਲ੍ਹ ਵਿੱਚ ਨਜ਼ਰਬੰਦ ਕੁੱਝ ਕੈਦੀਆਂ ਵਿੱਚ ਝਗੜਾ ਹੋ ਗਿਆ। ਇਸ ਦੌਰਾਨ ਇੱਕ ਹਵਾਲਾਤੀ ਨੇ ਸੁਰੱਖਿਆ ਕਰਮੀ ਦਾ ਸਰਵਿਸ ਰਿਵਾਲਰ ਖੋਹ ਕੇ ਦੋ ਕੈਦੀਆਂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮਗਰੋਂ ਜੇਲ੍ਹ ਕਰਮੀਆਂ ਨੇ ਹਵਾਲਾਤੀ ਨੂੰ ਮਾਰ ਦਿੱਤਾ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਖਨਊ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਜੇਲ੍ਹ ਵਿੱਚ ਮਾਰੇ ਗਏ ਤਿੰਨੋਂ ਕੈਦੀਆਂ ਦੀ ਪਛਾਣ ਅੰਸ਼ੂ ਦੀਕਸ਼ਿਤ, ਮੇਰਾਜੂਦੀਨ ਉਰਫ਼ ਮੇਰਾਜ ਅਲੀ ਅਤੇ ਮੁਕੀਮ ਕਾਲਾ ਵਜੋਂ ਹੋਈ ਹੈ। ਦੀਕਸ਼ਿਤ ਨੇ ਦੋਵਾਂ ਕੈਦੀਆਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਬਾਅਦ ਵਿੱਚ ਸੁਰੱਖਿਆ ਕਰਮੀਆਂ ਨੇ ਦੀਕਸ਼ਿਤ ਨੂੰ ਮਾਰ ਗਿਰਾਇਆ। ਮੇਰਾਜੂਦੀਨ ਨੂੰ ਮਊ ਜ਼ਿਲ੍ਹੇ ਦੇ ਵਿਧਾਇਕ ਮੁਖਤਿਆਰ ਅੰਸਾਰੀ ਦਾ ਕਰੀਬੀ ਦੱਸਿਆ ਜਾਂਦਾ ਹੈ। ਅਧਿਕਾਰੀ ਨੇ ਦੱਸਿਆ ਕਿ ਦੀਕਸ਼ਿਤ ਨੇ ਦੋਵਾਂ ਕੈਦੀਆਂ ਨੂੰ ਮਾਰਨ ਮਗਰੋਂ ਪੰਜ ਕੈਦੀਆਂ ਨੂੰ ਅਸਲਾ ਦਿਖਾ ਕੇ ਆਪਣੇ ਕਬਜ਼ੇ ਵਿੱਚ ਕਰ ਲਿਆ ਸੀ ਅਤੇ ਉਨ੍ਹਾਂ ਨੂੰ ਮਾਰਨ ਦੀ ਧਮਕੀ ਦੇ ਰਿਹਾ ਸੀ। ਜੇਲ੍ਹ ਦੀ ਸਥਿਤੀ ਹੁਣ ਕਾਬੂ ਹੇਠ ਹੈ। -ਪੀਟੀਆਈ