ਨਵੀਂ ਦਿੱਲੀ, 25 ਫਰਵਰੀ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਵਿਚ ਬੇਨਿਯਮੀਆਂ ਦੇ ਮਾਮਲੇ ਵਿਚ ਇਸ ਦੇ ਸਾਬਕਾ ਸਮੂਹ ਸੰਚਾਲਨ ਅਧਿਕਾਰੀ ਆਨੰਦ ਸੁਬਰਾਮਨੀਅਮ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਮਾਮਲੇ ਦੀ ਜਾਂਚ ਪਿਛਲੇ ਤਿੰਨ ਸਾਲਾਂ ਤੋਂ ਚੱਲ ਰਹੀ ਸੀ ਅਤੇ ਸੀਬੀਆਈ ਨੇ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਦੀ ਤਾਜ਼ਾ ਰਿਪੋਰਟ ਦੇ ਆਧਾਰ ‘ਤੇ ਇਹ ਗ੍ਰਿਫ਼ਤਾਰੀ ਕੀਤੀ ਹੈ। ਸੇਬੀ ਦੀ ਇਸ ਰਿਪੋਰਟ ਵਿੱਚ ਰਹੱਸਮਈ ਯੋਗੀ ਬਾਰੇ ਪਤਾ ਲੱਗਾ ਹੈ, ਜੋ ਸਾਬਕਾ ਸੀਈਓ ਚਿਤਰਾ ਰਾਮਕ੍ਰਿਸ਼ਨ ਦੀਆਂ ਕਾਰਵਾਈਆਂ ਅਤੇ ਹੋਰ ਬੇਨਿਯਮੀਆਂ ਲਈ ਮਾਰਗਦਰਸ਼ਨ ਕਰ ਰਿਹਾ ਸੀ। ਇਸ ਤੋਂ ਇਲਾਵਾ ਰਿਪੋਰਟ ‘ਚ ਕੁਝ ਨਵੇਂ ਤੱਥ ਵੀ ਸਾਹਮਣੇ ਆਏ ਹਨ। ਅਧਿਕਾਰੀਆਂ ਮੁਤਾਬਕ ਸੁਬਰਾਮਨੀਅਮ ਨੂੰ ਵੀਰਵਾਰ ਦੇਰ ਰਾਤ ਹਿਰਾਸਤ ‘ਚ ਲਿਆ ਗਿਆ।