ਪੱਤਰ ਪ੍ਰੇਰਕ
ਨਵੀਂ ਦਿੱਲੀ, 17 ਮਾਰਚ
ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਵਰਲਡ ਏਅਰ ਕੁਆਲਿਟੀ ਦੀ ਰਿਪੋਰਟ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੇਜਰੀਵਾਲ ਸਰਕਾਰ ਵੱਲੋਂ ਪ੍ਰਦੂਸ਼ਣ ਵਿਰੁੱਧ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਕਾਰਨ ਦਿੱਲੀ ਵਿੱਚ 15 ਫ਼ੀਸਦ ਪ੍ਰਦੂਸ਼ਣ ਦੀ ਕਮੀ ਹੋਈ ਹੈ। ਵਰਲਡ ਏਅਰ ਕੁਆਲਿਟੀ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦਿੱਲੀ ਨੇ ਪ੍ਰਦੂਸ਼ਣ ਵਿਚ 15 ਫ਼ੀਸਦ ਦੀ ਕਮੀ ਕੀਤੀ ਹੈ ਜਦਕਿ ਪਹਿਲਾਂ ਦਿੱਲੀ ਦੂਜੇ ਜਾਂ ਤੀਜੇ ਸਥਾਨ ’ਤੇ ਰਹਿੰਦੀ ਸੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪ੍ਰਦੂਸ਼ਣ ਦੇ ਮੁੱਦੇ ’ਤੇ ਗੰਭੀਰ ਨਹੀਂ ਹੈ। ਦਿੱਲੀ ਸਰਕਾਰ ਵੱਲੋਂ ਵਾਰ ਵਾਰ ਬੇਨਤੀਆਂ ਕਰਨ ਤੋਂ ਬਾਅਦ ਵੀ ਐੱਨਸੀਆਰ ਵਿੱਚ ਪ੍ਰਦੂਸ਼ਣ ਪੈਦਾ ਕਰਨ ਵਾਲੇ ਬਿਜਲੀ ਘਰ ਤੇ ਇੱਟ ਭੱਠੇ ਬੰਦ ਨਹੀਂ ਕੀਤੇ ਗਏ। ਪ੍ਰਦੂਸ਼ਣ ਦੇ ਮੁੱਦੇ ’ਤੇ ਸਾਂਝੇ ਯਤਨਾਂ ਦੀ ਜ਼ਰੂਰਤ ਹੈ। ਕੇਂਦਰ ਸਰਕਾਰ ਨੂੰ ਬੰਦ ਹੋਏ ਏਅਰ ਕੁਆਲਿਟੀ ਕਮਿਸ਼ਨ ਨੂੰ ਮੁੜ ਸਰਗਰਮ ਕਰਨਾ ਚਾਹੀਦਾ ਹੈ ਤਾਂ ਜੋ ਇਹ ਪ੍ਰਦੂਸ਼ਨ ਖ਼ਿਲਾਫ਼ ਕਾਰਵਾਈ ਕਰ ਸਕੇ। ਦਿੱਲੀ ਦੇ ਵਾਤਾਵਰਨ ਮੰਤਰੀ ਨੇ ਕਿਹਾ ਕਿ ਵਿਸ਼ਵ ਹਵਾ ਦੀ ਕੁਆਲਿਟੀ ਦੀ ਰਿਪੋਰਟ ਵਿਚ ਦੋ ਤੱਥ ਸਾਹਮਣੇ ਆਏ ਹਨ। ਇਕ ਇਹ ਕਿ ਭਾਰਤ ਵਿੱਚ ਚੋਟੀ ਦੇ 10 ਦੀ ਸੂਚੀ ਵਿਚ ਸ਼ਾਮਲ ਸ਼ਹਿਰਾਂ ਵਿੱਚੋਂ 9 ਸ਼ਹਿਰ ਉਹ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਉੱਤਰ ਪ੍ਰਦੇਸ਼ ਦੇ ਹਨ। ਪਹਿਲਾਂ ਦਿੱਲੀ ਵਧੇਰੇ ਪ੍ਰਦੂਸ਼ਿਤ ਸੀ। ਹਾਲ ਹੀ ਵਿੱਚ ਦਿੱਲੀ ਸਰਕਾਰ ਨੇ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਸ਼ਲਾਘਾਯੋਗ ਕੰਮ ਕੀਤਾ ਹੈ। ਰਿਪੋਰਟ ਖੁਦ ਕਹਿੰਦੀ ਹੈ ਕਿ ਇਸ ਸਮੇਂ ਦਿੱਲੀ ਦੇ ਅੰਦਰ ਪ੍ਰਦੂਸ਼ਣ ਵਿੱਚ 15 ਫ਼ੀਸਦ ਦੀ ਕਮੀ ਆਈ ਹੈ। ਪਹਿਲਾਂ ਦਿੱਲੀ ਪ੍ਰਦੂਸ਼ਣ ਦੇ ਮਾਮਲੇ ਵਿਚ ਦੂਜੇ ਜਾਂ ਤੀਜੇ ਨੰਬਰ ‘ਤੇ ਰਹਿੰਦੀ ਸੀ ਅੱਜ ਦਿੱਲੀ ਦੀ ਸਥਿਤੀ ਉਸ ਨਾਲੋਂ ਕਿਤੇ ਬਿਹਤਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਰੁੱਖ ਟਰਾਂਸਪਲਾਂਟੇਸ਼ਨ ਦੀਆਂ ਨੀਤੀਆਂ ਲਿਆਂਦੀਆਂ ਗਈਆਂ, ਇਲੈਕਟ੍ਰਿਕ ਵਾਹਨ, ਧੂੜ ਪ੍ਰਦੂਸ਼ਣ ਨੂੰ ਘਟਾਉਣ ਲਈ ਐਂਟੀ-ਸਮੋਗ ਗਨ ਨੀਤੀਆਂ ਲਿਆਂਦੀਆਂ ਗਈਆਂ ਹਨ।