ਪੱਤਰ ਪ੍ਰੇਰਕ
ਪਾਇਲ, 12 ਜੂਨ
ਇੱਥੋਂ ਨੇੜਲੇ ਪਿੰਡ ਗੁਰਦਿੱਤਪੁਰਾ ਵਿੱਚ ਜਲ-ਘਰ ਨੇੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਨਤਕ ਇਕੱਠ ਕਰ ਕੇ ਧਰਨਾ ਦਿੱਤਾ ਗਿਆ। ਜਥੇਬੰਦੀ ਵੱਲੋਂ ਸੰਸਾਰ ਬੈਂਕ ਦੀਆਂ ਹਦਾਇਤਾਂ ’ਤੇ ਪਾਣੀ ਨੂੰ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਦੇ ਸਰਕਾਰੀ ਫ਼ੈਸਲੇ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਦੀ ਮੁਹਿੰਮ ਦੇ ਆਖ਼ਰੀ ਦਿਨ ਵੱਡੀ ਗਿਣਤੀ ਮਜ਼ਦੂਰ-ਕਿਸਾਨ, ਔਰਤਾਂ ਤੇ ਨੌਜਵਾਨ ਸ਼ਾਮਿਲ ਹੋਏ।
ਇਸ ਮੌਕੇ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਸੁਦਾਗਰ ਸਿੰਘ ਘੁਡਾਣੀ ਅਤੇ ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ ਨੇ ਧਰਤੀ ਹੇਠਲੇ ਪਾਣੀ ਦੇ ਡੂੰਘੇ ਹੋਣ, ਵਾਤਾਵਰਨ ਦੂਸ਼ਿਤ ਹੋਣ ਕਾਰਨ ਮਾਰੂ ਬਿਮਾਰੀਆਂ ਫੈਲਣ, ਕਿਸਾਨਾਂ-ਮਜ਼ਦੂਰਾਂ ਸਿਰ ਕਰਜ਼ੇ ਚੜ੍ਹਨ ਲਈ ਅਮਰੀਕੀ ਮਾਡਲ ਦੀ ‘ਹਰੀ ਕ੍ਰਾਂਤੀ’ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਹੁਣ ਸਰਕਾਰਾਂ ਸ਼ਾਜਿਸ਼ੀ ਢੰਗ ਨਾਲ਼ ਕਿਸਾਨਾਂ ਨੂੰ ਬਦਨਾਮ ਕਰ ਰਹੀਆਂ ਹਨ। ਇਸ ਤਹਿਤ 23 ਫ਼ਸਲਾਂ ਦੀ ਐੱਮਐੱਸਪੀ ’ਤੇ ਸਰਕਾਰੀ ਖ਼ਰੀਦ ਦੀ ਗਾਰੰਟੀ ਤੋਂ ਬਿਨਾਂ ਫ਼ਸਲੀ ਚੱਕਰ ਬਦਲਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਡੈਮਾਂ, ਨਹਿਰਾਂ, ਦਰਿਆਵਾਂ ਤੇ ਜਲ-ਘਰਾਂ ਦੇ ਪਾਣੀ ਨੂੰ ਵਿਸ਼ਵ ਬੈਂਕ ਦੀਆਂ ਹਦਾਇਤਾਂ ਤੇ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਉਨ੍ਹਾਂ ਨੇ ਮੀਂਹ ਦੇ ਪਾਣੀ ਨੂੰ ਧਰਤੀ ਵਿਚ ਰੀਚਾਰਜ ਕਰਨ, ਪਾਣੀ ਦੇ ਸੋਮਿਆਂ ਨੂੰ ਖ਼ਤਮ ਕਰਨ ਤੇ ਪ੍ਰਦੂਸ਼ਣ ਫੈਲਾਉਣ ਵਾਲੀਆਂ ਫੈਕਟਰੀਆਂ ਅਤੇ ਮਿੱਲਾਂ, ਸ਼ਰਾਬ ਫੈਕਟਰੀਆਂ ਆਦਿ ’ਤੇ ਕਾਰਵਾਈ ਕਰਵਾਉਣ ਅਤੇ ਨਵੀਂ ਜਲ ਨੀਤੀ ਰੱਦ ਕਰਵਾਉਣ, ਪਾਣੀ, ਖੇਤੀ ਤੇ ਜੀਵਨ ਬਚਾਉਣ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਤੇਜ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਜਲ-ਸਪਲਾਈ ਐਂਡ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੇ ਬਲਵੰਤ ਸਿੰਘ ਵੱਲੋਂ ਠੰਢੇ ਪਾਣੀ ਦੀ ਸੇਵਾ ਨਿਭਾਈ ਗਈ।