ਜਸਵੰਤ ਜੱਸ
ਫ਼ਰੀਦਕੋਟ, 19 ਅਗਸਤ
ਫ਼ਰੀਦਕੋਟ ਦੇ ਇਤਿਹਾਸਕ ਟਿੱਲਾ ਬਾਬਾ ਫ਼ਰੀਦ ਅਤੇ ਕਿਲਾ ਮੁਬਾਰਕ ਸਾਹਮਣੇ ਫ਼ਰੀਦਕੋਟ ਪ੍ਰਸ਼ਾਸਨ ਨੇ ਹੈਰੀਟੇਜ ਸਟਰੀਟ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਪੰਜਾਬ ਸਰਕਾਰ ਨੇ ਬੀ ਐਂਡ ਆਰ ਵਿਭਾਗ ਨੂੰ ਸਰਵੇ ਕਰਕੇ ਤੁਰੰਤ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ ਹਨ। ਅੰਮ੍ਰਿਤਸਰ ਦੀ ਤਰਜ਼ ’ਤੇ ਫ਼ਰੀਦਕੋਟ ਵਿੱਚ ਬਣਨ ਵਾਲੀ ਇਹ ਪੰਜਾਬ ਦੀ ਦੂਜੀ ਹੈਰੀਟੇਜ ਸਟਰੀਟ ਹੋਵੇਗੀ। ਫ਼ਰੀਦਕੋਟ ਦਾ ਇਤਿਹਾਸਕ ਕਿਲਾ ਜੋ 12ਵੀਂ ਸਦੀ ਵਿੱਚ ਬਣਾਇਆ ਗਿਆ ਸੀ ਅਤੇ ਮਹਾਨ ਸੂਫ਼ੀ ਸੰਤ ਬਾਬਾ ਸ਼ੇਖ ਫ਼ਰੀਦ ਦੀ ਯਾਦ ਵਿੱਚ ਬਣੇ ਗੁਰਦੁਆਰਾ ਟਿੱਲਾ ਬਾਬਾ ਫਰੀਦ ਸਾਹਮਣੇ ਰਿਆਸਤ ਸਮੇਂ ਬਕਾਇਦਾ ਹੈਰੀਟੇਜ ਸਟਰੀਟ ਬਣੀ ਹੋਈ ਸੀ ਪਰ ਸਮੇਂ ਦੇ ਨਾਲ ਇੱਥੇ ਬਣੀਆਂ ਇਤਿਹਾਸਕ ਇਮਾਰਤਾਂ ਢਹਿ ਢੇਰੀ ਹੋ ਗਈਆਂ। ਫ਼ਰੀਦਕੋਟ ਦੇ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਹੈਰੀਟੇਜ ਪ੍ਰਾਜੈਕਟ ਲਈ ਬਕਾਇਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਇਸ ਨੂੰ ਬਿਨਾਂ ਦੇਰੀ ਮੁਕੰਮਲ ਕੀਤਾ ਜਾਵੇਗਾ। ਬਾਬਾ ਫ਼ਰੀਦ ਸੰਸਥਾਵਾਂ ਦੇ ਸੇਵਾਦਾਰ ਐਡਵੋਕੇਟ ਮਹੀਪਇੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਇਸ ਹੈਰੀਟੇਜ ਸਟਰੀਟ ਦੇ ਪ੍ਰਾਜੈਕਟ ਵਿੱਚ ਤਿੰਨ ਗਲੀਆਂ ਤੇ ਸੜਕਾਂ ਉੱਪਰ ਗ੍ਰੇਨਾਈਟ ਦੀਆਂ ਟੁਕੜੀਆਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਹਰ ਕਿਸਮ ਦੀਆਂ ਤਾਰਾਂ ਨੂੰ ਜ਼ਮੀਨਦੋਜ਼ ਕੀਤਾ ਜਾਵੇਗਾ ਅਤੇ ਨਾਲ ਹੀ ਸੜਕ ਦੇ ਦੋਵੇਂ ਪਾਸੇ ਬਣੀਆਂ ਨਾਲੀਆਂ ਨੂੰ ਸੀਵਰੇਜ ਬੋਰਡ ਅਤੇ ਡਰੇਨੇਜ ਮਹਿਕਮੇ ਦੁਆਰਾ ਅੰਡਰਗਰਾਊਂਡ ਕਰਕੇ ਚੈਂਬਰ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਦੇਗੀ ਲੋਹੇ ਦੇ ਖੰਭੇ ਇਨ੍ਹਾਂ ਤਿੰਨੇ ਰਸਤਿਆਂ ਦੇ ਦੋਵੇਂ ਪਾਸੇ ਲਾਏ ਜਾਣਗੇ। ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਹੈਰੀਟੇਜ ਸਟਰੀਟ ਵਿੱਚ ਸਾਰੇ ਬਾਜ਼ਾਰ ਨੂੰ ਇੱਕੋ ਤਰ੍ਹਾਂ ਦੀ ਵਿਰਾਸਤੀ ਦਿੱਖ ਦਿੱਤੀ ਜਾਵੇਗੀ। ਫਰੀਦਕੋਟ ਦਾ ਕਿਲਾ ਮੁਬਾਰਕ ਦੇਸ਼ ਦੇ ਚੋਣਵੇਂ ਇਤਿਹਾਸਕ ਕਿਲਿਆਂ ਵਿੱਚ ਸ਼ਾਮਲ ਹੈ ਅਤੇ ਫਰੀਦਕੋਟ ਰਿਆਸਤ ਦੀਆਂ ਇੱਥੇ ਸੈਂਕੜੇ ਵਿਲੱਖਣ ਵਸਤਾਂ ਇੱਥੇ ਪਈਆਂ ਹਨ। ਉਨ੍ਹਾਂ ਕਿਹਾ ਕਿ ਟਰੈਫਿਕ ਸਮੱਸਿਆ ਨੂੰ ਦੇਖਦਿਆਂ ਹੈਰੀਟੇਜ ਸਟਰੀਟ ਦੇ ਨੇੜੇ ਹੀ ਆਧੁਨਿਕ ਪਾਰਕਿੰਗ ਬਣਾਉਣ ਦੀ ਤਜਵੀਜ਼ ਹੈ। ਮਹੀਪਇੰਦਰ ਸਿੰਘ ਸੇਖੋਂ ਨੇ ਕਿਹਾ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਨਾਲ ਫ਼ਰੀਦਕੋਟ ਵਿੱਚ ਦੇਸ਼-ਵਿਦੇਸ਼ ਦੇ ਸੈਲਾਨੀਆਂ ਦੀ ਆਮਦ ਵਧੇਗੀ ।ਫ਼ਰੀਦਕੋਟ ਰਿਆਸਤ ਦੀਆਂ ਸ਼ਾਹੀ ਇਮਾਰਤਾਂ ਦੀ ਸਾਂਭ ਸੰਭਾਲ ਕਰ ਰਹੇ ਮਹਾਂਰਾਵਲ ਖੇਵਾ ਜੀ ਟਰੱਸਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਜਗੀਰ ਸਿੰਘ ਸਰਾ ਨੇ ਕਿਹਾ ਕਿ ਕਰੀਬ ਇਕ ਸਦੀ ਪਹਿਲਾਂ ਵੀ ਕਿਲਾ ਮੁਬਾਰਕ ਸਾਹਮਣੇ ਹੈਰੀਟੇਜ ਸਟਰੀਟ ਸੀ ਜੋ ਸਮੇਂ ਨਾਲ ਖ਼ਤਮ ਹੋ ਗਈ ਹੈ। ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸਿੰਘ ਨੇ ਕਿਹਾ ਕਿ ਹੈਰੀਟੇਜ ਸਟਰੀਟ ਲਈ ਲੋੜੀਂਦੇ ਫੰਡ ਨਗਰ ਕੌਂਸਲ ਵੱਲੋਂ ਮੁਹੱਈਆ ਕਰਵਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਹੈਰੀਟੇਜ ਸਟਰੀਟ ਦੇ ਨਿਰਮਾਣ ਲਈ ਮਾਹਿਰ ਕਾਰੀਗਰਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਤੈਅ ਸਮੇਂ ਵਿੱਚ ਮੁਕੰਮਲ ਕੀਤਾ ਜਾਵੇਗਾ। ਨਗਰ ਕੌਂਸਲ ਦੇ ਪ੍ਰਧਾਨ ਨੇ ਕਿਹਾ ਕਿ ਹੈਰੀਟੇਜ ਸਟਰੀਟ ਉਪਰ ਵਾਹਨਾਂ ਦੇ ਚੱਲਣ ’ਤੇ ਮੁਕੰਮਲ ਪਾਬੰਦੀ ਹੋਵੇਗੀ।