ਸੁਖਵਿੰਦਰ ਪਾਲ ਸੋੋਢੀ
ਚੰਡੀਗੜ੍ਹ, 19 ਅਗਸਤ
ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ਵਿਚ ਗਿਆਰਵੀਂ ਜਮਾਤ ’ਚ ਦਾਖਲਿਆਂ ਲਈ ਫਾਰਮ ਅਪਲੋਡ ਕਰਨ ਦੀ ਅੱਜ ਆਖਰੀ ਤਰੀਕ ਸੀ। ਸ਼ਹਿਰ ਦੇ 42 ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਦਾਖਲਿਆਂ ਲਈ ਅੱਜ ਤੱਕ 17 ਹਜ਼ਾਰ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਰਜਿਸਟਰੇਸ਼ਨ ਕਰ ਲਈ ਹੈ ਜਦਕਿ ਇੱਥੋਂ ਦੇ ਸਰਕਾਰੀ ਸਕੂਲਾਂ ਵਿੱਚ ਉਕਤ ਜਮਾਤ ਲਈ ਸਿਰਫ਼ 15,355 ਸੀਟਾਂ ਹਨ। ਇਹ ਵੀ ਪਤਾ ਲੱਗਾ ਹੈ ਕਿ ਹੁਣ ਤੱਕ 18500 ਵਿਦਿਆਰਥੀਆਂ ਨੇ ਫੀਸ ਵੀ ਭਰ ਦਿੱਤੀ ਹੈ ਅਤੇ ਇਨ੍ਹਾਂ ਵਿਦਿਆਰਥੀਆਂ ਵੱਲੋਂ ਭਲਕੇ ਰਜਿਸਟਰੇਸ਼ਨ ਕੀਤੇ ਜਾਣ ਨਾਲ ਕੁੱਲ ਰਜਿਸਟਰਡ ਵਿਦਿਆਰਥੀਆਂ ਦੀ ਗਿਣਤੀ ਵਧ ਸਕਦੀ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਚੰਡੀਗੜ੍ਹ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ 16, 18, 19, 21, 22, 37, 35, 33 ਅਤੇ ਮਨੀਮਾਜਰਾ ਕੰਪਲੈਕਸ ਦੇ ਸਕੂਲ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣੇ ਹੋਏ ਹਨ ਪਰ ਹਰ ਵਿਦਿਆਰਥੀ ਨੂੰ ਇਨ੍ਹਾਂ ਸਕੂਲਾਂ ਵਿਚ ਦਾਖਲਾ ਨਹੀਂ ਮਿਲਦਾ ਅਤੇ ਇਨ੍ਹਾਂ ਵਿਦਿਆਰਥੀਆਂ ਨੂੰ ਹੋਰ ਸਕੂਲਾਂ ਵਿੱਚ ਦਾਖਲੇ ਦਿੱਤੇ ਜਾਂਦੇ ਹਨ। ਡਾਇਰੈਕਟਰ ਸਕੂਲ ਐਜੂਕੇਸ਼ਨ, ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਕਾਮਨ ਮੈਰਿਟ ਸੂਚੀ 25 ਅਗਸਤ ਨੂੰ ਜਾਰੀ ਕੀਤੀ ਜਾਵੇਗੀ ਤੇ ਉਸ ਵੇਲੇ ਵਿਦਿਆਰਥੀਆਂ ਨੂੰ ਅਲਾਟ ਕੀਤੇ ਗਏ ਸਕੂਲ ਬਾਰੇ ਜਾਣਕਾਰੀ ਮਿਲ ਜਾਵੇਗੀ। ਇਸ ਤੋਂ ਬਾਅਦ ਵਿਦਿਆਰਥੀਆਂ ਦੇ ਇਤਰਾਜ਼ ਮੰਗੇ ਜਾਣਗੇ। ਇਤਰਾਜ਼ ਦੂਰ ਕਰਨ ਤੋਂ ਬਾਅਦ ਫਾਈਨਲ ਮੈਰਿਟ ਸੂਚੀ 31 ਅਗਸਤ ਨੂੰ ਜਾਰੀ ਕੀਤੀ ਜਾਵੇਗੀ। ਸਕੂਲਾਂ ਵਿੱਚ ਨਵਾਂ ਸੈਸ਼ਨ 4 ਸਤੰਬਰ ਤੋਂ ਸ਼ੁਰੂ ਹੋ ਜਾਵੇਗਾ।
ਸਹੀ ਕੱਟਆਫ ਦੇਖ ਕੇ ਸਕੂਲ ਨਾ ਭਰਨ ਕਾਰਨ ਸਮੱਸਿਆ
ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਵਿਦਿਆਰਥੀ ਆਪਣੇ ਖੇਤਰ ਨੇੜਲੇ ਸਕੂਲਾਂ ਦੀ ਆਪਸ਼ਨ ਹੀ ਭਰਦੇ ਹਨ ਪਰ ਉਨ੍ਹਾਂ ਸਕੂਲਾਂ ਵਿੱਚ ਕੱਟਆਫ ਉੱਚੀ ਹੋਣ ਕਾਰਨ ਉੱਥੇ ਉਨ੍ਹਾਂ ਨੂੰ ਦਾਖਲਾ ਨਹੀਂ ਮਿਲ ਪਾਉਂਦਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਨੂੰ ਪਿਛਲੇ ਸਾਲ ਦੀ ਕੱਟਆਫ ਤੇ ਆਪਣੇ ਅੰਕ ਦੇਖ ਕੇ ਸਕੂਲਾਂ ਦੀ ਚੋਣ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਪੰਜ-ਛੇ ਸਕੂਲ ਭਰਨ ਦੀ ਬਜਾਏ ਪੂਰੇ 15 ਸਕੂਲ ਭਰਨ ਤਾਂ ਹੀ ਉਨ੍ਹਾਂ ਦਾ ਦਾਖਲਾ ਸੰਭਵ ਹੋ ਸਕੇਗਾ।