ਪੱਤਰ ਪ੍ਰੇਰਕ
ਨੰਗਲ, 24 ਫਰਵਰੀ
ਪੇਂਡੂ ਇਲਾਕੇ ਵਿਚਲੇ ਇਕ ਨਿੱਜੀ ਸਕੂਲ ਮੁਖੀ ਦੀਆਂ ਸੂਕਲ ਦੀ ਵਿਦਿਆਰਥਣ ਨਾਲ ਕਥਿਤ ਇਤਰਾਜ਼ਯੋਗ ਤਸਵੀਰਾਂ ਵਾਇਰਲ ਹੋਣ ਮਗਰੋਂ ਨੰਗਲ ਪੁਲੀਸ ਨੇ ਸਕੂਲ ਮੁਖੀ ਖ਼ਿਲਾਫ਼ ਪੋਕਸੋ ਐਕਟ ਹੇਠ ਕੇਸ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਚੋਣਾਂ ਤੋਂ ਪਹਿਲਾਂ ਗ੍ਰਾਮੀਣ ਇਲਾਕੇ ਦੇ ਇਕ ਨਿੱਜੀ ਸਕੂਲ ਦੇ ਮੁਖੀ ਜੋ ਇਕ ਵਿਸ਼ੇਸ਼ ਰਾਜਨੀਤਕ ਪਾਰਟੀ ਨਾਲ ਸਬੰਧ ਰੱਖਦਾ ਹੈ, ਦੀਆਂ ਸਕੂਲ ਦੀ ਵਿਦਿਆਰਥਣ ਨਾਲ ਇਤਰਾਜ਼ਯੋਗ ਤਸਵੀਰਾਂ ਵਾਇਰਲ ਹੋ ਗਈਆਂ ਸਨ। ਇਸ ਮਾਮਲੇ ਨੂੰ ਲੈ ਕੇ ਸਮਾਜ ਸੇਵੀ ਅਸ਼ਵਨੀ ਕੁਮਾਰ ਵਾਸੀ ਦਘੋੜ ਨੇ ਨੰਗਲ ਪੁਲੀਸ ਨੂੰ ਸ਼ਿਕਾਇਤ ਕਰਨ ਦੇ ਨਾਲ ਨਾਲ ਇਲਾਕੇ ’ਚ ਅਨੇਕਾਂ ਸਾਥੀਆਂ ਨਾਲ ਰੋਸ ਪ੍ਰਦਰਸ਼ਨ ਕਰਕੇ ਮੰਗ ਕੀਤੀ ਸੀ ਕਿ ਸਕੂਲ ਮੁਖੀ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਮਾਮਲੇ ਦੀ ਗੰਭੀਰਤਾ ਨੂੰ ਧਿਆਨ ’ਚ ਰੱਖਦਿਆਂ ਨੰਗਲ ਪੁਲੀਸ ਨੇ ਸਕੂਲ ਮੁਖੀ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਿਆਹੁਤਾ ਦੇ ਘਰ ਦਾਖਲ ਹੋਣ ਖ਼ਿਲਾਫ਼ ਕੇਸ ਦਰਜ
ਖਰੜ (ਪੱਤਰ ਪ੍ਰੇਰਕ) ਖਰੜ ਸਦਰ ਪੁਲੀਸ ਨੇ ਪਿੰਡ ਮਦਨਹੇੜੀ ਦੀ ਇੱਕ ਵਿਆਹੁਤਾ ਔਰਤ ਜੋ ਚਾਰ ਸਾਲਾਂ ਦੀ ਲੜਕੀ ਦੀ ਮਾਂ ਹੈ ਦੇ ਘਰ ਦਾਖਲ ਹੋ ਕੇ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਹੇਠ ਹਰਮਨ ਸਿੰਘ ਵਿਰੁੱਧ ਧਾਰਾ 456, 354 ਤੇ 506 ਆਈਪੀਸੀ ਅਧੀਨ ਕੇਸ ਦਰਜ ਕੀਤਾ ਹੈ। ਇਸ ਸਬੰਧੀ ਸ਼ਿਕਾਇਤਕਰਤਾ ਨੇ ਪੁਲੀਸ ਨੂੰ ਦੱਸਿਆ ਕਿ ਉਹ ਪਿੰਡ ’ਚ ਮਾਂ ਕੋਲ ਰਹਿੰਦੀ ਹੈ ਤੇ ਮੁਲਜ਼ਮ ਉਨ੍ਹਾਂ ਦੇ ਘਰ ਦਾ ਗੇਟ ਖੋਲ੍ਹ ਕੇ ਅੰਦਰ ਦਾਖਿਲ ਹੋ ਗਿਆ। ਜਦੋਂ ਉਸਨੂੰ ਘਰ ਅੰਦਰ ਆਉਣ ਦਾ ਕਾਰਨ ਪੁੱਛਿਆ ਤਾਂ ਉਹ ਗਲਤ ਹਰਕਤਾਂ ਕਰਨ ਲੱਗ ਪਿਆ। ਜਦੋਂ ਉਸ ਨੇ ਰੌਲਾ ਪਾਇਆ ਤਾਂ ਮੁਲਜ਼ਮ ਉਥੋਂ ਭੱਜ ਗਿਆ।