ਖੇਤਰੀ ਪ੍ਰਤੀਨਿਧ
ਅੰਮ੍ਰਿਤਸਰ, 4 ਅਕਤੂਬਰ
ਗੁਰੂ ਨਗਰੀ ਨੂੰ ਸਵੱਛਤਾ ਸਰਵੇਖਣ ਰੈਂਕਿੰਗ 2021 ਵਿੱਚ ਪਹਿਲੇ ਨੰਬਰ ’ਤੇ ਲਿਆਉਣ ਲਈ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਮੇਅਰ ਰਿੰਟੂ ਅਤੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਦੁਆਰਾ ਰੋਜ਼ਾਨਾ ਸ਼ਹਿਰ ਦੀਆਂ ਵਾਰਡਾਂ ਵਿੱਚ ਜਾ ਕੇ ਸਵੱਛਤਾ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਸਵੱਛਤਾ ਰੈਂਕਿੰਗ ਬਾਰੇ ਵੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੂੜਾ ਬਾਹਰ ਨਾ ਸੁੱਟ ਕੇ ਕੂੜੇਦਾਨ ਦਾ ਇਸਤੇਮਾਲ ਕੀਤਾ ਜਾਵੇ।
ਮੇਅਰ ਕਰਮਜੀਤ ਸਿੰਘ ਰਿੰਟੂ ਅਤੇ ਨਿਗਮ ਕਮਿਸ਼ਨਰ ਕੋਮਲ ਮਿੱਤਲ ਵਲੋਂ ਕੌਂਸਲਰ ਮਮਤਾ ਦੱਤਾ, ਹਰਨੇਕ ਸਿੰਘ, ਵਨੀਤ ਮਹਾਜਨ, ਸਿਹਤ ਅਧਿਕਾਰੀ ਡਾ. ਯੋਗੇਸ਼ ਅਰੋੜਾ, ਚੀਫ ਸੈਨੇਟਰੀ ਇੰਸਪੈਕਟਰ, ਫੀਡ ਬੈਕ ਕੰਪਨੀ ਦੇ ਅਧਿਕਾਰੀਆਂ ਸਮੇਤ ਅੱਜ ਵਾਰਡ ਨੰ: 11, 19 ਅਤੇ 51 ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਲੋਕਾਂ ਨੂੰ ਕਿਹਾ ਗਿਆ ਕਿ ਸੁੱਕਾ ਅਤੇ ਗਿੱਲਾ ਕੂੜਾ ਅਲੱਗ ਅਲੱਗ ਕਰਕੇ ਵੱਖ-ਵੱਖ ਡਸਟਬਿੰਨਾਂ ’ਚ ਰੱਖਣ , ਨਹੀਂ ਤਾਂ ਨਿਗਮ ਵਲੋਂ ਇਸ ਦੀ ਲਿਫਟਿੰਗ ਨਹੀਂ ਕੀਤੀ ਜਾਵੇਗੀ। ਇਸੇ ਦੌਰਾਨ ਕਮਰਸ਼ੀਅਲ ਅਦਾਰਿਆਂ ਤੇ ਦੁਕਾਨਦਾਰਾਂ ਨੂੰ ਵੀ ਦੁਕਾਨਾਂ ਦੇ ਬਾਹਰ ਗੰਦਗੀ ਦੇ ਢੇਰ ਨਾ ਲਾਉਣ ਤੇ ਨਾ ਹੀ ਕਿਸੇ ਹੋਰ ਨੂੰ ਢੇਰ ਲਾਉਣ ਦੇਣ ਦੀ ਅਪੀਲ ਕੀਤੀ ਗਈ।
ਮੇਅਰ ਕਰਮਜੀਤ ਸਿੰਘ ਰਿੰਟੂ ਨੇ ਕਿਹਾ ਕਿ ਆਉਣ ਵਾਲਾ ਸਮਾਂ ਤਿਉਹਾਰਾਂ ਦਾ ਹੈ। ਇਸ ਲਈ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਸਾਡਾ ਫਰਜ਼ ਹੈ।ਉਨ੍ਹਾਂ ਕਿਹਾ ਕਿ ਲੋਕ ਅਪਣੇ ਘਰ ਅਤੇ ਆਸ ਪਾਸ ਦੇ ਏਰੀਏ ਨੂੰ ਸਾਫ ਰੱਖਣ ਅਤੇ ਨਿਗਮ ਦੇ ਨਿਯਮਾਂ ਦਾ ਪਾਲਣ ਕਰਨ।