ਪੱਤਰ ਪ੍ਰੇਰਕ
ਬਠਿੰਡਾ 18 ਅਪਰੈਲ
ਇੱਥੇ ਇੱਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਕੰਵਲਜੀਤ ਸਿੰਘ ਸਿੱਧੂ ਬੀਤੇ ਕੱਲ੍ਹ ਸੜਕ ਹਾਦਸੇ ਦੌਰਾਨ ਜ਼ਖ਼ਮੀ ਹੋਣ ਮਗਰੋਂ ਰਹੱਸਮਈ ਹਾਲਤ ਵਿੱਚ ਲਾਪਤਾ ਹੋ ਗਏ ਹਨ। ਅੱਜ ਬਠਿੰਡਾ ਪ੍ਰੈੱਸ ਕਲੱਬ ਦੇ ਅਹੁਦੇਦਾਰਾਂ ਦਾ ਇੱਕ ਵਫ਼ਦ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ, ਆਈਜੀ ਜਸਕਰਨ ਸਿੰਘ ਬਠਿੰਡਾ ਜ਼ੋਨ ਨੂੰ ਮਿਲਿਆ ਅਤੇ ਕੰਵਲਜੀਤ ਸਿੰਘ ਸਿੱਧੂ ਦੀ ਗੁੰਮਸ਼ੁਦਗੀ ਬਾਰੇ ਜਾਂਚ ਮੰਗੀ।
ਜਾਣਕਾਰੀ ਅਨੁਸਾਰ ਕੰਵਲਜੀਤ ਸਿੰਘ ਦੁਪਹਿਰ 2.30 ਵਜੇ ਦੇ ਕਰੀਬ ਦਫ਼ਤਰ ਤੋਂ ਨਿਕਲੇ ਸਨ ਅਤੇ 3 ਵਜੇ ਦੇ ਕਰੀਬ ਉਹ ਗੋਨਿਆਣਾ ਰੋਡ ’ਤੇ ਸਥਿਤ ਪੈਟਰੋਲ ਪੰਪ ਨਜ਼ਦੀਕ ਕਿਸੇ ਅਣਪਛਾਤੇ ਵਾਹਨ ਨਾਲ ਟਕਰਾ ਕੇ ਜ਼ਖ਼ਮੀ ਹੋ ਗਏ ਸਨ। ਹਾਦਸੇ ਮਗਰੋਂ ਉਨ੍ਹਾਂ ਦਾ ਮੋਟਰਸਾਈਕਲ ਮਿਲਿਆ ਹੈ ਪਰ ਉਹ ਰਹੱਸਮਈ ਹਾਲਤ ਵਿੱਚ ਲਾਪਤਾ ਹੋ ਗਏ ਹਨ। ਐੱਸ.ਐੱਸ.ਪੀ ਬਠਿੰਡਾ ਨੇ ਟੀਮਾਂ ਗਠਿਤ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।