ਹਰਦੀਪ ਸਿੰਘ ਸੋਢੀ
ਧੂਰੀ, 11 ਮਈ
ਗੰਨਾ ਕਾਸ਼ਤਕਾਰ ਕਮੇਟੀ ਧੂਰੀ ਵੱਲੋਂ ਕਨਵੀਨਰ ਹਰਜੀਤ ਸਿੰਘ ਬੁਗਰਾ ਦੀ ਅਗਵਾਈ ਹੇਠ ਖੰਡ ਮਿੱਲ ਤੋਂ ਕਰੋੜਾਂ ਰੁਪਏ ਦੀ ਰਾਸ਼ੀ ਲੈਣ ਲਈ ਸਥਾਨਕ ਮੁੱਖ ਮੰਤਰੀ ਦਫ਼ਤਰ ਅੱਗੇ ਦਿੱਤਾ ਜਾ ਰਿਹਾ ਧਰਨਾ ਅੱਜ ਦੂਸਰੇ ਦਿਨ ਵੀ ਜਾਰੀ ਰਿਹਾ ਅਤੇ ਪ੍ਰਸ਼ਾਸਨ ਨੂੰ ਅੱਜ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ, ਜਦੋਂ ਗੰਨਾ ਕਾਸ਼ਤਕਾਰ ਕਮੇਟੀ ਦੇ ਦੋ ਕਾਰਕੁਨ ਜਤਿੰਦਰ ਸਿੰਘ ਧੂਰਾ ਅਤੇ ਸੁਖਵੰਤ ਸਿੰਘ ਚੌਂਦਾ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਮੁੱਖ ਮੰਤਰੀ ਦਫ਼ਤਰ ਦੀ ਪਾਣੀ ਵਾਲੀ ਟੈਂਕੇ ’ਤੇ ਜਾ ਚੜ੍ਹੇ। ਐੱਸਡੀਐੱਮ ਧੂਰੀ ਦੇਵਦਰਸ਼ਨ ਸਿੰਘ, ਡੀਐੱਸਪੀ ਧੂਰੀ ਪਰਮਿੰਦਰ ਸਿੰਘ, ਐੱਸਐੱਚਓ ਸਿਟੀ ਹਰਜਿੰਦਰ ਸਿੰਘ ਅਤੇ ਐਸਐਚਓ ਸਦਰ ਅਵਤਾਰ ਸਿੰਘ ਵੱਲੋਂ ਖੰਡ ਮਿੱਲ ਪ੍ਰਬੰਧਕਾਂ ਅਤੇ ਗੰਨਾ ਕਾਸ਼ਤਕਾਰਾਂ ਦਰਮਿਆਨ ਸਾਲਸ ਦੀ ਭੁੂਮਿਕਾ ਨਿਭਾਉਂਦਿਆਂ ਮਾਮਲੇ ਨੂੰ ਤਣ-ਪੱਤਣ ਲਗਾਉਣ ਦੀਆਂ ਕੋਸ਼ਿਸਾਂ ਵੀ ਕੀਤੀਆਂ ਜਾ ਰਹੀਆਂ ਸਨ, ਪਰ ਖ਼ਬਰ ਲਿਖੇ ਜਾਣ ਤੱਕ ਕਿਸਾਨਾਂ ਵੱਲੋਂ ਇਕਮੁਸ਼ਤ ਸਾਰੀ ਰਕਮ ਦੀ ਮੰਗ ਕੀਤੀ ਜਾ ਰਹੀ ਸੀ। ਇਸ ਮੌਕੇ ਸੰਬੋਧਨ ਕਰਦਿਆਂ ਚੇਅਰਮੇਨ ਹਰਜੀਤ ਸਿੰਘ ਬੁਗਰਾ, ਕਿਸਾਨ ਆਗੂ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਦੋਸ਼ ਲਗਾਇਆ ਕਿ ਇਹ ਕਿਸਾਨਾਂ ਦੀ ਤਰਾਸਦੀ ਹੈ ਕਿ ਕਿਸਾਨਾਂ ਨੂੰ ਆਪਣੀ ਵੇਚੀ ਜਿਣਸ ਦੀ ਅਦਾਇਗੀ ਲੈਣ ਲਈ ਧਰਨੇ, ਮੁਜ਼ਾਹਰੇ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਖੰਡ ਮਿੱਲ ਦੇ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਵਾਰ ਵਾਰ ਸਮਝੌਤੇ ਕਰਨ ਦੇ ਬਾਵਜੂਦ ਮਿੱਲ ਪ੍ਰਬੰਧਕ ਸਿਰੇ ਸਮਝੌਤੇ ’ਤੇ ਖਰਾ ਨਹੀਂ ਉਤਰਦੇ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਦਾ ਖੰਡ ਮਿੱਲ ਪ੍ਰਬੰਧਕਾਂ ਤੋਂ ਭਰੋਸਾ ਉਠ ਚੁੱਕਿਆ ਹੈ। ਹਰਜੀਤ ਸਿੰਘ ਬੁਗਰਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਗ਼ਿਲਾ ਜ਼ਾਹਿਰ ਕਰਦਿਆਂ ਕਿਹਾ ਕਿ ਹਲਕੇ ਦੀ ਨੁਮਾਇੰਦਗੀ ਕਰਨ ਦੇ ਬਾਵਜੂਦ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਜਾਂ ਪਾਰਟੀ ਆਗੂ ਨੇ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਨਾ ਮੁਨਾਸਬ ਨਹੀਂ ਸਮਝਿਆ, ਜਦਕਿ ਚੋਣਾਂ ਤੋਂ ਪਹਿਲਾਂ ਭਗਵੰਤ ਮਾਨ ਚੋਣ ਪ੍ਰਚਾਰ ਵਿਚਾਲੇ ਛੱਡ ਕੇ ਇਹ ਕਹਿ ਕੇ ਗਏ ਸੀ, ‘‘ਕਿ ਮੈਂ ਆਪਣੇ ਕਿਸਾਨਾਂ ਦੀਆਂ ਅੱਖਾਂ ਵਿੱਚ ਅੱਥਰੂ ਨਹੀਂ ਵੇਖ ਸਕਦਾ।’’ ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਜੇਕਰ 12 ਮਈ ਦੁਪਹਿਰ ਤੱਕ ਇਹ ਮਸਲਾ ਕਿਸੇ ਤਣ-ਪੱਤਣ ਨਾ ਲੱਗਿਆ ਤਾਂ ਕਿਸਾਨਾਂ ਦਾ ਸੰਘਰਸ਼ ਸਾਰੇ ਹਲਕੇ ਵਿੱਚ ਦਿਖਾਈ ਦੇਵੇਗਾ। ਇਸ ਮੌਕੇ ਕੁਲਦੀਪ ਸਿੰਘ ਭੋਜੋਵਾਲੀ, ਪ੍ਰੇਮਜੀਤ ਭੋਜੋਵਾਲੀ, ਜੋਧ ਸਿੰਘ ਬੱਬਨਪੁਰ, ਮਨਪ੍ਰੀਤ ਸਿੰਘ ਬੱਬਨਪੁਰ, ਸੰਤ ਸਿੰਘ ਪਲਾਸੌਰ ਆਦਿ ਵੀ ਹਾਜ਼ਰ ਸਨ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਅੱਜ
ਸ਼ੇਰਪੁਰ (ਬੀਰਬਲ ਰਿਸ਼ੀ): ਮੁੱਖ ਮੰਤਰੀ ਭਗਵੰਤ ਮਾਨ ਦੇ ਸੰਗਰੂਰ ਸਥਿਤ ਕੋਠੀ ਦੇ 12 ਮਈ ਨੂੰ ਘਿਰਾਓ ਦੀਆਂ ਤਿਆਰੀਆਂ ਵਜੋਂ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਜ਼ੋਨ ਕਨਵੀਨਰ ਪਰਮਜੀਤ ਕੌਰ ਲੌਂਗੋਵਾਲ ਦੀ ਅਗਵਾਈ ਹੇਠ ਪਿੰਡ ਹੇੜੀਕੇ ਤੇ ਈਨਾਬਾਜਵਾ ਵਿਖੇ ਮਜ਼ਦੂਰਾਂ ਨਾਲ ਮੀਟਿੰਗਾਂ ਕੀਤੀਆਂ। ਉਨ੍ਹਾਂ ਪਿੰਡ ਹੇੜੀਕੇ ਵਿਖੇ ਪੰਚਾਇਤੀ ਜ਼ਮੀਨ ’ਚੋਂ ਅਨੁਸੂਚਿਤ ਜਾਤੀਆਂ ਲਈ ਰਾਖਵੇਂ ਕੋਟੇ ਦੀ ਜ਼ਮੀਨ ਦੀ ਬੋਲੀ ਮਜ਼ਦੂਰ ਭਾਈਚਾਰੇ ਨੂੰ ਸਾਂਝੀ ਖੇਤੀ ਲਈ ਤੁਰੰਤ ਕਰਵਾਏ ਜਾਣ ਦੀ ਮੰਗ ਉਠਾਈ ਤੇ ਪੰਚਾਇਤ ਵਿਭਾਗ ਨੂੰ ਚਿਤਾਵਨੀ ਦਿੱਤੀ ਕਿ ਤੁਰੰਤ ਬੋਲੀ ਨਾ ਹੋਣ ’ਤੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਪਿੰਡ ਹੇੜੀਕੇ ਵਿਖੇ ਕੀਤੀ ਮੀਟਿੰਗ ਦੌਰਾਨ ਬਲਾਕ ਪ੍ਰਧਾਨ ਜਸਵੰਤ ਸਿੰਘ ਖੇੜੀ, ਸਿੰਦਰ ਕੌਰ ਹੇੜੀਕੇ, ਸਿੰਗਾਰਾ ਸਿੰਘ ਹੇੜੀਕੇ ਨੇ ਦੱਸਿਆ ਕਿ ਰਾਖਵੇਂ ਕੋਟੇ ਦੀ ਪੰਚਾਇਤੀ ਜ਼ਮੀਨ ਦੀ ਬੋਲੀ ਰੁਕਵਾਏ ਜਾਣ ਲਈ ਜਾਣ ਬੁੱਝਕੇ ਸਾਜਿਸ਼ਾ ਰਚੀਆਂ ਜਾ ਰਹੀਆਂ ਹਨ ਕਿਉਂਕਿ ਪਿੰਡ ਦੀ ਪੰਚਾਇਤ ਦੇ ਮੁਖੀ ਦੇ ਪਰਿਵਾਰ ਦਾ ਇਸ ਵਿੱਚ ਨਿੱਜੀ ਹਿੱਤ ਹੈ।