ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 6 ਨਵੰਬਰ
ਫਰਾਂਸ ਦੇ ਇੱਕ ਅਧਿਆਪਕ ਵੱਲੋਂ ਹਜ਼ਰਤ ਮੁਹੰਮਦ ਸਾਹਿਬ ਦੇ ਇਤਰਾਜ਼ਯੋਗ ਕਾਰਟੂਨਾਂ ਦਾ ਪ੍ਰਕਾਸ਼ਨ ਕਰਨ ਅਤੇ ਫਰਾਂਸ ਦੇ ਰਾਸ਼ਟਰਪਤੀ ਵੱਲੋਂ ਉਸ ਦੀ ਹਮਾਇਤ ਕੀਤੇ ਜਾਣ ਦੇ ਵਿਰੋਧ ’ਚ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਵੱਲੋਂ ਨਦੀਮ ਅਨਵਾਰ ਖ਼ਾਨ ਦੀ ਅਗਵਾਈ ਵਿੱਚ ਸਥਾਨਕ ਸਰਹੰਦੀ ਦਰਵਾਜ਼ੇ ਦੇ ਬਾਹਰ ਜੁੰਮੇ ਦੀ ਨਮਾਜ਼ ਤੋਂ ਬਾਅਦ ਸੂਬਾ ਮੁਹੱਬਤ-ਏ-ਰਸੂਲ ਕਾਨਫਰੰਸ ਕੀਤੀ ਗਈ। ਇਸ ਮੌਕੇ ਕਾਨਫਰੰਸ ਦੇ ਮੁੱਖ ਮਹਿਮਾਨ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਮੁਹੰਮਦ ਸਾਹਿਬ ਨੇ ਸਭ ਨੂੰ ਇਸ ਦੁਨੀਆਂ ‘ਤੇ ਬਰਾਬਰ ਜਿਊਣ ਦਾ ਅਧਿਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੁਹੰਮਦ ਸਾਹਿਬ ਦੀ ਸ਼ਾਨ ਵਿੱਚ ਗੁਸਤਾਖ਼ੀ ਚਾਹੇ ਫਰਾਂਸ ਨੇ ਕੀਤੇ ਹੋਵੇ ਜਾਂ ਕਿਸੇ ਹੋਰ ਨੇ ਕੀਤੀ ਹੋਵੇ, ਉਨ੍ਹਾਂ ਨੂੰ ਗੋਡੇ ਟੇਕਣੇ ਪੈਣਗੇ। ਉਨ੍ਹਾਂ ਫਰਾਂਸ ਦੇ ਉਤਪਾਦਾਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ। ਮੁਫ਼ਤੀ ਮੁਹੰਮਦ ਆਜ਼ਮ, ਮੁਫ਼ਤੀ ਮੁਹੰਮਦ ਦਿਲਸ਼ਾਦ, ਸ਼ਹਿਜ਼ਾਦ ਹੂਸੈਨ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਮੁਹੰਮਦ ਮੁਸਤਾਕੀਮ ਲੁਧਿਆਣਾ, ਭਾਈ ਨਰਿੰਦਰਪਾਲ ਸਿੰਘ ਨਾਨੂ, ਮੋਹਨ ਸਿੰਘ, ਮੁਹੰਮਦ ਇਖਲਾਕ, ਮੁਕੱਰਮ ਸੈਫ਼ੀ, ਡਾ. ਅਬਦੁਲ ਗੱਫ਼ਾਰ ਅਤੇ ਮੁਹੰਮਦ ਅਰਸ਼ਦ ਆਦਿ ਵੀ ਮੌਜੂਦ ਸਨ।