ਨਵੀਂ ਦਿੱਲੀ, 7 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਧਿਆਪਨ ਤੇ ਸਿੱਖਣ ਦੀ ਪ੍ਰਕਿਰਿਆ ਦੀ ਲਗਾਤਾਰ ਨਵੀਂ ਵਿਆਖਿਆ ਦਿੱਤੀ ਜਾਣੀ ਚਾਹੀਦੀ ਹੈ ਤੇ ਇਸ ਦਾ ਸਰੂਪ ਵੀ ਬਦਲਦਾ ਰਹਿਣਾ ਚਾਹੀਦਾ ਹੈ। ਇਸ ਨਾਲ ਹੀ ਦੇਸ਼ ਦੇ ਵਿਦਿਅਕ ਸੈਕਟਰ ਨੂੰ ਵਿਸ਼ਵ ਪੱਧਰੀ ਬਣਾਇਆ ਜਾ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖਿਆ ਵਿਚ ਆਈਆਂ ਤਬਦੀਲੀਆਂ ਸਿਰਫ਼ ਨੀਤੀ ਅਧਾਰਿਤ ਨਹੀਂ ਹਨ ਪਰ ਸ਼ਮੂਲੀਅਤ ਉਤੇ ਵੀ ਅਧਾਰਿਤ ਹਨ। ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵਿਦਿਅਕ ਖੇਤਰ ਦੀਆਂ ਕਈ ਸਕੀਮਾਂ ਲਾਂਚ ਕੀਤੀਆਂ। ਉਨ੍ਹਾਂ ਵੀਡੀਓ ਕਾਨਫਰੰਸ ਰਾਹੀਂ ‘ਸ਼ਿਕਸ਼ਕ ਪਰਵ’ ਦੇ ਪਹਿਲੇ ਸੰਮੇਲਨ ਨੂੰ ਵੀ ਲਾਂਚ ਕੀਤਾ। ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਹੈ ਇਨ੍ਹਾਂ ਕਦਮਾਂ ਨਾਲ ਨਾ ਸਿਰਫ਼ ਸਾਡਾ ਵਿਦਿਅਕ ਢਾਂਚਾ ਵਿਸ਼ਵ ਪੱਧਰ ਉਤੇ ਮੁਕਾਬਲੇ ਦਾ ਬਣੇਗਾ ਬਲਕਿ ਨੌਜਵਾਨਾਂ ਨੂੰ ਭਵਿੱਖੀ ਚੁਣੌਤੀਆਂ ਲਈ ਤਿਆਰ ਵੀ ਕਰੇਗਾ। ਕੌਮੀ ਸਿੱਖਿਆ ਨੀਤੀ ਬਣਾਉਣ ਤੇ ਇਸ ਨੂੰ ਸਫ਼ਲਤਾ ਨਾਲ ਲਾਗੂ ਕਰਨ ਲਈ ਪ੍ਰਧਾਨ ਮੰਤਰੀ ਨੇ ਮਾਹਿਰਾਂ, ਅਧਿਆਪਕਾਂ ਤੇ ਹੋਰ ਅਕਾਦਮਿਕ ਹਸਤੀਆਂ ਦੀ ਸ਼ਲਾਘਾ ਵੀ ਕੀਤੀ। ਉਨ੍ਹਾਂ ਅਪੀਲ ਕੀਤੀ ਕਿ ਸ਼ਮੂਲੀਅਤ ਨੂੰ ਨਵੇਂ ਪੱਧਰ ਉਤੇ ਲਿਜਾਇਆ ਜਾਵੇ ਤੇ ਸਮਾਜ ਨੂੰ ਨਾਲ ਜੋੜਿਆ ਜਾਵੇ। ਪ੍ਰਧਾਨ ਮੰਤਰੀ ਨੇ ਇਸ ਮੌਕੇ ਸੰਕੇਤਕ ਭਾਸ਼ਾ ਡਿਕਸ਼ਨਰੀ ਵੀ ਲਾਂਚ ਕੀਤੀ। ਇਸ ਤੋਂ ਇਲਾਵਾ ਸਕੂਲਾਂ (ਸੀਬੀਐੱਸਈ) ਦੀ ਗੁਣਵੱਤਾ ਤੇ ਮੁਲਾਂਕਣ ਬਾਰੇ ਨਿਯਮਾਂ ਦਾ ਢਾਂਚਾ ਵੀ ਲਾਂਚ ਕੀਤਾ ਗਿਆ। ਆਡੀਓ ਕਿਤਾਬਾਂ, ਅਧਿਆਪਕ ਸਿਖ਼ਲਾਈ ਪ੍ਰੋਗਰਾਮ ਤੇ ਹੋਰ ਸਕੀਮਾਂ ਵੀ ਲਾਂਚ ਕੀਤੀਆਂ ਗਈਆਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਵੀ ਮੁਹਿੰਮ ਦੀ ਸਫ਼ਲਤਾ ਲਈ ਲੋਕਾਂ ਦੀ ਹਿੱਸੇਦਾਰੀ ਬਹੁਤ ਜ਼ਰੂਰੀ ਹੈ। ਮੋਦੀ ਨੇ ਇਸ ਮੌਕੇ ਉਲੰਪਿਕ ਤੇ ਪੈਰਾਲੰਪਿਕ ਵਿਚ ਭਾਰਤੀ ਖਿਡਾਰੀਆਂ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਇਹ ਖਿਡਾਰੀ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣਨਗੇ। -ਪੀਟੀਆਈ