ਗਗਨਦੀਪ ਅਰੋੜਾ
ਲੁਧਿਆਣਾ, 24 ਫਰਵਰੀ
ਇਥੇ ਬੱਚੀ ਦੇ ਨਾਲ ਜਬਰ-ਜਨਾਹ ਦੇ ਮਾਮਲੇ ’ਚ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪੀੜਤ ਪਰਿਵਾਰ ਨੇ ਕੁਝ ਲੋਕਾਂ ਦੇ ਨਾਲ ਮਿਲ ਥਾਣਾ ਬਸਤੀ ਜੋਧੇਵਾਲ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ। ਇੰਨਾ ਹੀ ਨਹੀਂ ਪੀੜਤ ਪਰਿਵਾਰ ਮੁਲਜ਼ਮ ਦੀ ਫੋਟੋ ਵੀ ਲੈ ਕੇ ਆਏ ਸਨ। ਇਸ ਦੌਰਾਨ ਉਨ੍ਹਾਂ ਨੇ ਪੁਲੀਸ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਨਾਲ ਹੀ ਮੁਲਜ਼ਮ ਦੀ ਫੋਟੋ ’ਤੇ ਜੁੱਤੀਆਂ ਵੀ ਮਾਰੀਆਂ। ਪੀੜਤ ਪਰਿਵਾਰ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਿਹਾ ਸੀ। ਇਸ ਦੌਰਾਨ ਪੁਲੀਸ ’ਤੇ ਵੀ ਕਈ ਤਰ੍ਹਾਂ ਦੇ ਦੋਸ਼ ਲਾਏ ਗਏ ਕਿ ਜੇਕਰ ਪੁਲੀਸ ਨੇ ਕਾਰਵਾਈ ਜਲਦੀ ਨਾ ਕੀਤੀ ਤਾਂ ਉਹ ਜਲੰਧਰ ਬਾਈਪਾਸ ਚੌਕ ’ਤੇ ਧਰਨਾ ਦੇਣਗੇ। ਉਨ੍ਹਾਂ ਦੋਸ਼ ਲਾਇਆ ਕਿ ਬੱਚੀ ਦਾ ਇਲਾਜ ਵੀ ਪੁਲੀਸ ਨੇ ਹਾਲੇ ਤੱਕ ਸਹੀ ਤਰੀਕੇ ਨਾਲ ਨਹੀਂ ਕਰਵਾਇਆ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਿਸ ਤੋਂ ਬਾਅਦ ਪ੍ਰਦਰਸ਼ਨਕਾਰੀ ਉਥੋਂ ਚਲੇ ਗਏ। ਧਰਨੇ ’ਚ ਸ਼ਾਮਲ ਔਰਤ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਾਂਬੜਾ ਰੋਡ ਦੀ ਬੰਦਾ ਬਹਾਦਰ ਕਲੋਨੀ ਇਲਾਕੇ ’ਚ 18 ਸਾਲਾਂ ਨੌਜਵਾਨ ਨੇ ਘਰ ’ਚ ਇਕੱਲੀ 7 ਸਾਲਾਂ ਲੜਕੀ ਨਾਲ ਜਬਰ-ਜਨਾਹ ਕੀਤਾ ਸੀ। ਪੁਲੀਸ ਨੇ ਬੰਦਾ ਬਹਾਦਰ ਨਗਰ ਦੀ ਗਲੀ ਨੰਬਰ-7 ਵਾਸੀ ਮਹਿਲਾ ਦੀ ਸ਼ਿਕਾਇਤ ’ਤੇ ਉਸਦੇ ਖਿਲਾਫ਼ ਕੇਸ ਦਰਜ ਕੀਤਾ ਸੀ। ਪੀੜਤਾ ਕੋਠੀਆਂ ’ਚ ਸਫ਼ਾਈ ਦਾ ਕੰਮ ਕਰਦੀ ਹੈ। ਮੰਗਲਵਾਰ ਦੀ ਸਵੇਰੇ 10 ਵਜੇ ਜਦੋਂ ਉਹ ਕੰਮ ’ਤੇ ਚਲੀ ਗਈ ਅਤੇ ਜਦੋਂ ਉਹ ਘਰ ਵਾਪਸ ਆਈ ਤਾਂ ਉਸਦੀ 7 ਸਾਲਾਂ ਲੜਕੀ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਪੁੱਛਣ ’ਤੇ ਉਸਨੇ ਦੱਸਿਆ ਕਿ ਮੁਲਜ਼ਮ ਨੇ ਉਸ ਨਾਲ ਗਲਤ ਕੰਮ ਕੀਤਾ ਹੈ। ਜਾਂਚ ਅਧਿਕਾਰੀ ਜਸਵੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਦੇ ਗੁਆਂਢ ’ਚ ਰਹਿਣ ਵਾਲਾ ਨੌਜਵਾਨ ਉਸ ਮੁਲਜ਼ਮ ਦਾ ਦੋਸਤ ਹੈ। ਹੁਣ ਧਰਨਾਕਾਰੀਆਂ ਦਾ ਦੋਸ਼ ਹੈ ਕਿ 2 ਨੌਜਵਾਨਾਂ ਨੇ ਜਬਰ-ਜਨਾਹ ਕੀਤਾ ਹੈ ਅਤੇ ਪੁਲੀਸ ਇੱਕ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਸਰੇ ਪਾਸੇ ਮਾਮਲੇ ਦੇ ਜਾਂਚ ਅਧਿਕਾਰੀ ਜਸਬੀਰ ਸਿੰਘ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਤੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।