ਹਰਿੰਦਰ ਸਿੰਘ ਗੋਗਨਾ
‘ਨਵਾਂ ਸਾਲ ਮੁਬਾਰਕ, ਬਲਤੇਜ।’ ਨਵੇਂ ਸਾਲ ਦੀ ਸਵੇਰ ਬਲਤੇਜ ਦੇ ਕੰਨਾਂ ਵਿੱਚ ਉਸ ਦੇ ਪਾਪਾ ਦੀ ਆਵਾਜ਼ ਪਈ ਤਾਂ ਉਸ ਦੀ ਅੱਖ ਖੁੱਲ੍ਹ ਗਈ। ਦੇਖਿਆ ਉਸ ਦੇ ਪਾਪਾ ਉਸ ਦੇ ਸਿਰਹਾਣੇ ਬੈਠੇ ਉਸ ਨੂੰ ਮੋਢੇ ਤੋਂ ਹਲੂਣ ਕੇ ਜਗਾ ਰਹੇ ਸਨ।
ਬਲਤੇਜ ਆਪਣੇ ਪਾਪਾ ਨੂੰ ਅਚਾਨਕ ਆਪਣੇ ਕੋਲ ਬੈਠਾ ਦੇਖ ਕੇ ਹੈਰਾਨ ਜਿਹਾ ਰਹਿ ਗਿਆ। ਉਹ ਇੱਕ ਮਹੀਨੇ ਮਗਰੋਂ ਬਲਤੇਜ ਨੂੰ ਮਿਲੇ ਸਨ। ਉਨ੍ਹਾਂ ਦਾ ਤਬਾਦਲਾ ਦੂਰ ਹੋ ਗਿਆ ਸੀ ਜਿਸ ਕਾਰਨ ਉਹ ਰਾਤ ਹੀ ਘਰ ਆਏ ਸਨ ਤਾਂ ਕਿ ਨਵਾਂ ਸਾਲ ਆਪਣੇ ਪਰਿਵਾਰ ਵਿੱਚ ਮਨਾ ਸਕਣ।
‘ਪਾਪਾ, ਤੁਹਾਨੂੰ ਵੀ ਨਵਾਂ ਸਾਲ ਮੁਬਾਰਕ ਹੋਵੇ। ਤੁਸੀਂ ਤੇ ਮੰਮੀ ਨੇ ਮੈਨੂੰ ਦੱਸਿਆ ਹੀ ਨਹੀਂ ਕਿ ਤੁਸੀਂ ਆਉਣ ਵਾਲੇ ਹੋ। ਕੱਲ੍ਹ ਵੀ ਵਟਸਐਪ ’ਤੇ ਚੈਟਿੰਗ ਕਰਦਿਆਂ ਤੁਸੀਂ ਆਪਣੇ ਆਉਣ ਦਾ ਜ਼ਿਕਰ ਨਹੀਂ ਕੀਤਾ।’ ਬਲਤੇਜ ਆਪਣੇ ਪਾਪਾ ਦੀ ਗੋਦ ਵਿੱਚ ਬੈਠਦਿਆਂ ਉਨ੍ਹਾਂ ਵੱਲ ਦੇਖਦਿਆਂ ਬੋਲਿਆ।
‘ਸਰਪ੍ਰਾਈਜ਼! ਮੈਂ ਹੀ ਤੇਰੇ ਮੰਮੀ ਨੂੰ ਮਨ੍ਹਾ ਕੀਤਾ ਸੀ ਕਿ ਤੈਨੂੰ ਨਾ ਦੱਸੇ। ਮੈਂ ਚਾਹੁੰਦਾ ਸੀ ਕਿ ਤੈਨੂੰ ਅਚਾਨਕ ਹੀ ਹੈਰਾਨ ਕਰ ਦੇਵਾਂ। ਫਿਰ ਨਿੱਕੀਆਂ ਨਿੱਕੀਆਂ ਖੁਸ਼ੀਆਂ ਇੰਜ ਹੀ ਮਿਲਦੀਆਂ ਹਨ। ਭੇਤ ਪਹਿਲਾਂ ਹੀ ਖੁੱਲ੍ਹ ਜਾਣ ਨਾਲ ਮਜ਼ਾ ਨਹੀਂ ਆਉਂਦਾ।’ ਕਹਿ ਕੇ ਬਲਤੇਜ ਦੇ ਪਾਪਾ ਨੇ ਉਸ ਨੂੰ ਪਿਆਰ ਕੀਤਾ ਤੇ ਫਿਰ ਉਸ ਨੂੰ ਇੱਕ ਪਿਆਰਾ ਜਿਹਾ ਉਪਹਾਰ ਵੀ ਦਿੱਤਾ।
‘ਪਾਪਾ, ਮੈਂ ਵੀ ਤੁਹਾਨੂੰ ਇੱਕ ਉਪਹਾਰ ਦੇਣਾ ਚਾਹੁੰਦਾ ਹਾਂ।’ ਬਲਤੇਜ ਨੇ ਆਪਣੇ ਪਾਪਾ ਨੂੰ ਕਿਹਾ।
‘ਵਾਹ, ਬਹੁਤ ਚੰਗਾ। ਕਿੱਥੇ ਐ ਬਈ ਮੇਰਾ ਉਪਹਾਰ, ਲਿਆ ਵਿਖਾ।’ ਉਸ ਦੇ ਪਾਪਾ ਨੇ ਬਲਤੇਜ ਦੇ ਗਲ ਵਿੱਚ ਬਾਹਵਾਂ ਪਾਉਂਦੇ ਪਿਆਰ ਨਾਲ ਪੁੱਛਿਆ।
‘ਪਾਪਾ, ਉਹ ਉਪਹਾਰ ਦੇਣ ਵਾਲਾ ਨਹੀਂ ਵਿਖਾਉਣ ਵਾਲਾ ਹੈ ਤੇ ਮਾਣਨ ਵਾਲਾ ਹੈ।’ ਬਲਤੇਜ ਨੇ ਕੁਝ ਸ਼ਰਾਰਤ ਨਾਲ ਕਿਹਾ।
‘ਪੁੱਤਰਾ, ਅਜਿਹਾ ਕਿਹੜਾ ਉਪਹਾਰ ਹੈ ਜਿਹੜਾ ਕੇਵਲ ਦੇਖਣ ਵਾਲਾ ਤੇ ਮਾਣਨ ਵਾਲਾ ਹੈ। ਕੁਝ ਸਮਝ ਨਹੀਂ ਆਇਆ। ਇਹ ਕੀ ਬੁਝਾਰਤ ਹੈ?’
‘ਸਰਪ੍ਰਾਈਜ਼! ਪਾਪਾ ਸਰਪ੍ਰਾਈਜ਼।’ ਬਲਤੇਜ ਨੇ ਆਪਣੇ ਪਾਪਾ ਦੇ ਅੰਦਾਜ਼ ਵਿੱਚ ਹੀ ਜਵਾਬ ਦਿੱਤਾ ਤੇ ਫਿਰ ਉਨ੍ਹਾਂ ਦੀ ਬਾਂਹ ਫੜ ਕੇ ਘਰ ਦੇ ਪਿਛਵਾੜੇ ਛੱਡੀ ਕੱਚੀ ਥਾਂ ਵਿੱਚ ਲੈ ਗਿਆ ਜਿੱਥੇ ਬਹੁਤ ਸੋਹਣੀ ਕਿਆਰੀ ਸੀ।
ਕਿਆਰੀ ਵਿੱਚ ਕੁਝ ਫੁੱਲ ਵੀ ਉੱਗ ਆਏ ਸਨ ਤੇ ਕੁਝ ਸਬਜ਼ੀਆਂ ਵੀ। ਇਹ ਵੇਖ ਕੇ ਉਸ ਦੇ ਪਾਪਾ ਹੈਰਾਨੀ ਭਰੀ ਖੁਸ਼ੀ ਨਾਲ ਬੋਲੇ, ‘ਕਮਾਲ ਹੈ। ਬੜੀ ਸੋਹਣੀ ਕਿਆਰੀ ਹੈ ਤੇ ਕਿੰਨੇ ਪਿਆਰੇ ਫੁੱਲ ਉੱਗੇ ਹਨ। ਇਹ ਸਭ ਕਿਸ ਨੇ…।’
ਤਦੇ ਬਲਤੇਜ ਦੇ ਮੰਮੀ ਵੀ ਪਿੱਛੇ ਪਿੱਛੇ ਆ ਗਏ ਤੇ ਬਲਤੇਜ ਦੇ ਪਾਪਾ ਦੀ ਗੱਲ ਵਿੱਚੋਂ ਹੀ ਟੋਕਦਿਆਂ ਬੋਲੇ, ‘ਇਹ ਸਭ ਬਲਤੇਜ ਦੀ ਮਿਹਨਤ ਹੈ। ਇਸ ਨੇ ਯੂ-ਟਿਊਬ ਵਿੱਚ ਦੇਖ ਕੇ ਕਿੰਨੇ ਦਿਨਾਂ ਵਿੱਚ ਇਹ ਕਿਆਰੀ ਬਣਾਈ ਤੇ ਤੁਹਾਡੇ ਕੋਲੋਂ ਇਹ ਭੇਤ ਛੁਪਾ ਕੇ ਰੱਖਣ ਲਈ ਕਿਹਾ ਤਾਂ ਕਿ ਤੁਹਾਨੂੰ ਸਰਪ੍ਰਾਈਜ਼ ਦੇ ਸਕੇ। ਕਿਉਂਕਿ ਤੁਹਾਨੂੰ ਫੁੱਲਾਂ ਨਾਲ ਬਹੁਤ ਪਿਆਰ ਹੈ।’
‘ਬਿਲਕੁਲ, ਮੇਰਾ ਦਿੱਤਾ ਉਪਹਾਰ ਤਾਂ ਬਨਾਵਟੀ ਹੈ, ਪਰ ਬਲਤੇਜ ਦਾ ਉਪਹਾਰ ਤਾਂ ਕੁਦਰਤੀ ਹੈ, ਤਾਜ਼ਗੀ ਨਾਲ ਭਰਪੂਰ। ਜਦੋਂ ਵੀ ਕੋਈ ਇੱਧਰ ਆਵੇਗਾ ਤਾਂ ਬਲਤੇਜ ਦੀ ਕਿਆਰੀ ਵੇਖ ਕੇ ਕਿੰਨਾ ਸਕੂਨ ਪ੍ਰਾਪਤ ਕਰੇਗਾ। ਸੱਚ ਬਲਤੇਜ ਤੇਰੀ ਕਿਆਰੀ ਦੇਖ ਕੇ ਤਾਂ ਮੇਰੇ ਸਫ਼ਰ ਦੀ ਥਕਾਨ ਜਿਵੇਂ ਹੁਣੇ ਹੀ ਲਹਿ ਗਈ। ਤੂੰ ਸਮੇਂ ਦਾ ਚੰਗਾ ਸਦਉਪਯੋਗ ਕੀਤਾ ਹੈ ਤੇ ਮੈਨੂੰ ਵੀ ਸੱਚੀ ਖੁਸ਼ੀ ਦਿੱਤੀ ਹੈ। ਮੈਂ ਤੇਰੀ ਇਹ ਮਿਹਨਤ ਤੇ ਪਿਆਰ ਨਾਲ ਬਣਾਈ ਕਿਆਰੀ ਦੀ ਫੋਟੋ ਖਿੱਚ ਕੇ ਆਪਣੇ ਮੋਬਾਈਲ ਦੀ ਹੋਮ ਸਕਰੀਨ ’ਤੇ ਲਗਾ ਲੈਂਦਾ ਹਾਂ ਤੇ ਹੁਣੇ ਆਪਣੇ ਦੋਸਤਾਂ ਨੂੰ ਵੀ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਾ ਹੋਇਆ ਇਹੋ ਫੋਟੋ ਭੇਜ ਦਿੰਦਾ ਹਾਂ। ਹੇਠਾਂ ਲਿਖ ਦੇਵਾਂਗਾ ਮੇਰੇ ਬੇਟੇ ਬਲਤੇਜ ਦੀ ਕਿਆਰੀ।’ ਪਾਪਾ ਦੀ ਗੱਲ ਸੁਣ ਕੇ ਬਲਤੇਜ ਵੀ ਫੁੱਲਾਂ ਵਾਂਗ ਖਿੜ ਗਿਆ।