ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਸਤੰਬਰ
ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦਿੱਲੀ ਨੇ 6ਵੀਂ, 10ਵੀਂ ਤੇ 12 ਵੀਂ ਜਮਾਤਾਂ ਲਈ ਸਰਕਾਰੀ ਸਕੂਲਾਂ ਵਿੱਚ ਦਾਖਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਆਫਲਾਈਨ ਦਾਖਲਾ ਪ੍ਰਕਿਰਿਆ 20 ਸਤੰਬਰ ਤੱਕ ਜਾਰੀ ਰਹੇਗੀ ਤੇ ਸਕੂਲ 30 ਸਤੰਬਰ ਤੱਕ ਅਲਾਟ ਕਰ ਦਿੱਤੇ ਜਾਣਗੇ। ਨੋਟਿਸ ਅਨੁਸਾਰ 9ਵੀਂ, 10ਵੀਂ ਤੇ 12ਵੀਂ ਜਮਾਤਾਂ ਲਈ ਸਕੂਲ ਅਲਾਟਮੈਂਟ ਦੀ ਆਫਲਾਈਨ ਪ੍ਰਕਿਰਿਆ ਨੂੰ ਵਧਾ ਦਿੱਤਾ ਗਿਆ ਸੀ ਕਿਉਂਕਿ ਇਹ ਦੇਖਿਆ ਗਿਆ ਸੀ ਕਿ ਕੁਝ ਮਾਪੇ ਦਾਖਲੇ ਲਈ ਰਜਿਟ੍ਰੇਸ਼ਨ ਨਹੀਂ ਕਰਵਾ ਸਕੇ।
ਜਾਣਕਾਰੀ ਮੁਤਾਬਿਕ 10ਵੀਂ ਤੇ 12ਵੀਂ ਜਮਾਤ ਲਈ ਬਿਨੈਕਾਰ ਜਾਂ ਉਨ੍ਹਾਂ ਦੇ ਮਾਪੇ ਆਪਣੀ ਰਿਹਾਇਸ਼ ਦੇ ਨੇੜੇ ਕਿਸੇ ਵੀ ਸਕੂਲ ਵਿੱਚ ਦਾਖਲੇ ਲਈ ਹੱਥੀਂ ਅਰਜ਼ੀ ਦੇ ਸਕਦੇ ਹਨ। ਸਬੰਧਤ ਸਕੂਲ ਮੁਖੀ ਅਰਜ਼ੀ ਦੀ ਤਸਦੀਕ ਕਰੇਗਾ ਤੇ ਇਸ ਨੂੰ 21 ਸਤੰਬਰ ਤੱਕ ਸਬੰਧਤ ਡੀਡੀਈ ਜ਼ੋਨ ਵਿੱਚ ਭੇਜਿਆ ਜਾਵੇਗਾ। ਉਸ ਤੋਂ ਬਾਅਦ ਡੀਡੀਈ ਉਮੀਦਵਾਰਾਂ ਨੂੰ ਸਕੂਲ ਅਲਾਟ ਕਰੇਗਾ ਤੇ 24 ਸਤੰਬਰ ਤੱਕ ਜ਼ੋਨਲ ਦਫਤਰ ਵਿੱਚ ਸੂਚੀ ਲਾ ਦਿੱਤੀ ਜਾਵੇਗੀ। ਇਹ ਸੂਚੀ ਅਲਾਟ ਕੀਤੇ ਸਕੂਲਾਂ ਦੇ ਮੁਖੀਆਂ ਨੂੰ ਵੀ ਭੇਜੀ ਜਾਵੇਗੀ ਜੋ 30 ਸਤੰਬਰ ਤੱਕ ਉਮੀਦਵਾਰਾਂ ਨੂੰ ਆਰਜ਼ੀ ਤੌਰ ‘ਤੇ ਦਾਖਲਾ ਦੇਣਗੇ। 9 ਵੀਂ ਕਲਾਸ ਲਈ ਬਿਨੈਕਾਰ ਆਪਣੀ ਪਸੰਦ ਦੇ ਨਜ਼ਦੀਕੀ ਸਕੂਲ ਵਿੱਚ ਰਜਿਸਟ੍ਰੇਸ਼ਨ ਕਰਾ ਸਕਦਾ ਹੈ। ਕਲੱਸਟਰ ਪੱਧਰ ‘ਤੇ ਅਲਾਟਮੈਂਟ ਦੀ ਆਖਰੀ ਤਰੀਕ 23 ਸਤੰਬਰ ਹੈ, ਜਦੋਂ ਕਿ ਜ਼ੋਨਲ ਪੱਧਰ ਦੀ ਦਾਖਲਾ ਕਮੇਟੀ 24 ਸਤੰਬਰ ਤੱਕ ਸਕੂਲਾਂ ਨੂੰ ਅਲਾਟ ਕੀਤਾ ਜਾਵੇਗਾ। ਸਬੰਧਤ ਸਕੂਲ ਮੁਖੀ ਅਰਜ਼ੀ ਉਮੀਦਵਾਰਾਂ ਨਾਲ ਸੰਪਰਕ ਕਰਨਗੇ ਤੇ ਇਹ ਤੈਅ ਕੀਤਾ ਜਾਵੇਗਾ ਕਿ ਦਾਖਲੇ 30 ਸਤੰਬਰ ਤੱਕ ਪੂਰੇ ਹੋ ਗਏ ਹਨ ਜਾਂ ਨਹੀਂ। ਦੱਸਣਯੋਗ ਹੈ ਕਿ ਕਿਸੇ ਵੀ ਉਮੀਦਵਾਰ ਨੂੰ ਦਾਖਲੇ ਤੋਂ ਇਨਕਾਰ ਨਹੀਂ ਕੀਤਾ ਜਾਵੇਗਾ।