ਸੀ ਮਾਰਕੰਡਾ
ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਰਿਆਸਤ ਪਟਿਆਲਾ ਦੇ ਪਿੰਡ ਗਿਦੜਿਆਣੀ ਵਿਚ ਭਾਈ ਮਨਸ਼ਾ ਸਿੰਘ ਅਤੇ ਬੀਬੀ ਮਾਨ ਕੌਰ ਦੇ ਘਰ 2 ਜਨਵਰੀ 1932 ਨੂੰ ਜਨਮ ਲਿਆ। ਪੰਜ ਸਾਲਾਂ ਦੀ ਉਮਰ ਵਿਚ ਇਸ ਬਾਲਕ ਨੂੰ ਪਿੰਡ ਮੌਜੋਂ ਦੇ ਸੰਤ ਜੋਧ ਸਿੰਘ ਦੀ ਸੰਗਤ ਵਿਚ ਵਧਣ ਫੁੱਲਣ ਦਾ ਮੌਕਾ ਮਿਲਿਆ। ਉਥੇ ਉਨ੍ਹਾਂ 12 ਸਾਲ ਰਹਿ ਕੇ ਗੁਰਬਾਣੀ, ਸਿੱਖ ਦਰਸ਼ਨ ਅਤੇ ਗੁਰਮਤਿ ਸਿਧਾਂਤਾਂ ਦੀ ਜਾਣਕਾਰੀ ਹਾਸਲ ਕੀਤੀ।
ਪਿੰਡ ਮੌਜੋਂ ਤੋਂ ਉਹ ਆਪਣੇ ਜੱਦੀ ਪਿੰਡ ਗਿਦੜਿਆਣੀ ਆ ਗਏ ਅਤੇ 1948 ਵਿਚ ਪਿੰਡ ਹੀਰੋਂ ਕਲਾਂ (ਬਠਿੰਡਾ) ਵਿਚ ਗਿਆਨੀ ਹਰਨਾਮ ਸਿੰਘ ਪਾਸ ਆ ਠਹਿਰੇ। ਇਥੇ ਉਨ੍ਹਾਂ ਧਰਮ ਪ੍ਰਚਾਰ ਦੀ ਲਹਿਰ ਚਲਾਈ। ਉਹ ਸਿਆਸਤ ਨਾਲੋਂ ਲੋਕ ਸੇਵਾ ਅਤੇ ਧਾਰਮਿਕ ਸਰਗਰਮੀਆਂ ਨੂੰ ਤਰਜੀਹ ਦਿੰਦੇ ਸਨ ਪਰ ਮੁਜਾਰਾ ਲਹਿਰ ਦੇ ਆਗੂਆਂ ਦੇ ਸੰਪਰਕ ਨੇ ਉਨ੍ਹਾਂ ਦੀ ਸਿਆਸਤ ਵਿਚ ਵੀ ਦਿਲਚਸਪੀ ਵਧਾਈ। ਕੇਂਦਰ ਸਰਕਾਰ ਵੱਲੋਂ ਪੈਪਸੂ ਦੀ ਗਿਆਨ ਸਿੰਘ ਰਾੜੇਵਾਲਾ ਦੀ ਸਰਕਾਰ ਭੰਗ ਕਰਨ ’ਤੇ ਉਨ੍ਹਾਂ ਅਕਾਲੀ ਦਲ ਦੇ ਵਰਕਰ ਵਜੋਂ ਪਾਰਟੀ ਦੇ ਮੋਰਚੇ ਦੌਰਾਨ 1953 ਵਿਚ ਗ੍ਰਿਫ਼ਤਾਰੀ ਦਿੱਤੀ। ਇਹ ਉਨ੍ਹਾਂ ਦੀ ਪਹਿਲੀ ਜੇਲ੍ਹ ਯਾਤਰਾ ਸੀ। ਤਿੰਨ ਮਹੀਨੇ ਜੇਲ੍ਹ ਕੱਟਣ ਪਿੱਛੋਂ ਫ਼ਰੀਦਕੋਟ ਦੀ ਜੇਲ੍ਹ ਵਿਚੋਂ ਰਿਹਾਅ ਹੋ ਕੇ ਗੁਰਦੁਆਰਾ ਭਾਈ ਮਨੀ ਸਿੰਘ ਲੌਂਗੋਵਾਲ ਆ ਗਏ। ਇਥੇ ਉਨ੍ਹਾਂ ਗੁਰਦੁਆਰੇ ਦੀ ਉਸਾਰੀ ਕਰਵਾਈ ਅਤੇ ਇਥੇ ਹੀ ਉਨ੍ਹਾਂ ਦੇ ਨਾਮ ਨਾਲ ‘ਲੌਂਗੋਵਾਲ’ ਜੁੜ ਗਿਆ।
ਸੰਤ ਹਰਚੰਦ ਸਿੰਘ ਸਿਆਸਤ ਵਿਚ ਪ੍ਰਵੇਸ਼ ਤੋਂ ਪਹਿਲਾਂ ਧਰਮ ਦੇ ਸੱਚੇ ਮਾਰਗ ’ਤੇ ਚਲਦਿਆਂ ਕਦੀ ਡਗਮਗਾਏ ਨਹੀਂ। ਉਹ ਰਾਗ ਵਿਦਿਆ ਤੋਂ ਜਾਣੂ ਹੋਣ ਕਾਰਨ ਰਸ-ਭਿੰਨਾ ਕੀਰਤਨ ਕਰਦੇ। ਉਨ੍ਹਾਂ ਸਿੱਖ ਧਰਮ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸੁਚੱਜੇ ਉਪਰਾਲੇ ਕੀਤੇ। ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਹੁੰਦਿਆਂ ਉਹ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਕੈਨੇਡਾ, ਅਮਰੀਕਾ ਆਦਿ ਮੁਲਕਾਂ ਤੱਕ ਲੈ ਗਏ। ਮਾਲਵਾ ਖਿੱਤੇ ਦੇ ਅਨੇਕ ਪਿੰਡਾਂ ਵਿਚ ਨਵੇਂ ਗੁਰਦੁਆਰਿਆਂ ਦਾ ਨਿਰਮਾਣ ਕਰਵਾਇਆ।
1955 ਵਿਚ ਪੰਜਾਬੀ ਸੂਬਾ ਮੋਰਚੇ ਸਮੇਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਹਿਸਾਰ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਪ੍ਰਤਾਪ ਸਿੰਘ ਕੈਰੋਂ ਦੇ ਰਾਜ ਸਮੇਂ 1957 ਵਿਚ ਖ਼ੁਸ਼-ਹੈਸੀਅਤ ਟੈਕਸ ਦਾ ਵਿਰੋਧ ਕਰਦਿਆਂ ਸਰਕਾਰ ਨਾਲ ਟੱਕਰ ਲਈ। ਮਾਸਟਰ ਤਾਰਾ ਸਿੰਘ, ਸੰਤ ਫਤਿਹ ਸਿੰਘ ਤੇ ਸੰਤ ਚੰਨਣ ਸਿੰਘ ਦੀ ਅਗਵਾਈ ਹੇਠ ਹਰ ਪੰਥਕ ਮੋਰਚੇ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਤੇ ਜੇਲ੍ਹਾਂ ਕੱਟੀਆਂ। 1960 ਵਿਚ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਲਈ ਮੈਂਬਰੀ ਦੀ ਪੇਸ਼ਕਸ਼ ਹੋਈ ਜੋ ਉਨ੍ਹਾਂ ਠੁਕਰਾ ਦਿੱਤੀ। ਫਿਰ ਉਨ੍ਹਾਂ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਦਾ ਪਹਿਲਾ ਜਥੇਦਾਰ ਨਾਮਜ਼ਦ ਕੀਤਾ ਗਿਆ। ਪੂਰਾ ਇੱਕ ਵਰ੍ਹਾ ਉਨ੍ਹਾਂ ਇਸ ਅਹੁਦੇ ’ਤੇ ਸੇਵਾ ਨਿਭਾਈ।
ਸ਼੍ਰੋਮਣੀ ਅਕਾਲੀ ਦਲ ਨੂੰ ਉਨ੍ਹਾਂ ਦੀਆਂ ਰਾਜਸੀ ਸੇਵਾਵਾਂ ਦੀ ਲੋੜ ਮਹਿਸੂਸ ਹੋਈ ਤਾਂ ਫਰਵਰੀ 1969 ਦੀਆਂ ਪੰਜਾਬ ਦੀਆਂ ਮੱਧਕਾਲੀ ਚੋਣਾਂ ਵਿਚ ਉਹ ਲਹਿਰਾਗਾਗਾ ਤੋਂ ਪੈਪਸੂ ਦੇ ਸਾਬਕਾ ਮੁੱਖ ਮੰਤਰੀ ਬਾਬੂ ਬ੍ਰਿਸ਼ ਭਾਨ ਨੂੰ ਹਰਾ ਕੇ ਵਿਧਾਇਕ ਬਣੇ। ਜਥੇਦਾਰ ਮੋਹਨ ਸਿੰਘ ਤੁੜ ਦੇ ਜੇਲ੍ਹ ਜਾਣ ਮਗਰੋਂ 1975 ਵਿਚ ਐਮਰਜੈਂਸੀ ਮੋਰਚੇ ਮੌਕੇ ਮਨੁੱਖੀ ਹੱਕਾਂ ਦੀ ਰੱਖਿਆ ਲਈ ਕਮਾਨ ਸੰਭਾਲੀ। 1977 ਤੱਕ ਸੁਚੱਜੀ ਅਗਵਾਈ ਕੀਤੀ। 1979 ਵਿਚ ਉਹ ਜ਼ਿਲ੍ਹਾ ਜਥੇਦਾਰ ਬਣੇ। 20 ਅਗਸਤ 1980 ਵਿਚ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਮੋਰਚਾ ਲਾਇਆ ਜੋ ਧਰਮ ਯੁੱਧ ਮੋਰਚੇ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸਾਕਾ ਨੀਲਾ ਤਾਰਾ ਤੱਕ ਇਹ ਮੋਰਚਾ ਸਫ਼ਲਤਾ ਪੂਰਵਕ ਚੱਲਿਆ।
ਉਨ੍ਹਾਂ ਦੀ ਅਗਵਾਈ ਹੇਠ ਧਰਮ ਯੁਧ ਮੋਰਚਾ ਚੱਲ ਰਿਹਾ ਸੀ ਕਿ ਪੰਜਾਬ ਦੇ ਸਿਆਸੀ ਹਾਲਾਤ ਬਦਲਣੇ ਸ਼ੁਰੂ ਹੋ ਗਏ। ਸਿੱਖ ਸਿਆਸਤ ਉੱਪਰ ਗਰਮ ਦਲੀਆਂ ਦਾ ਪ੍ਰਭਾਵ ਵਧਣ ਲੱਗਿਆ। ਹਾਲਾਤ ਦਿਨ-ਬ-ਦਿਨ ਗੁੰਝਲਦਾਰ ਹੁੰਦੇ ਗਏ। ਉਹ ਇਹ ਉਲਝਣਾਂ ਸੁਲਝਾਉਣ ਵਿਚ ਸਫ਼ਲ ਨਹੀਂ ਹੋ ਸਕੇ। ਸ੍ਰੀ ਦਰਬਾਰ ਸਾਹਿਬ ਅੰਦਰੋਂ ਗਰਮ ਦਲੀਆਂ ਨੂੰ ਖਦੇੜਨ ਦੇ ਬਹਾਨੇ 6 ਜੂਨ 1984 ਨੂੰ ਕੇਂਦਰ ਨੇ ਹਮਲਾ ਕਰ ਦਿੱਤਾ। ਇਸੇ ਦੌਰਾਨ ਹੋਰ ਅਕਾਲੀ ਆਗੂਆਂ ਸਮੇਤ ਦਰਬਾਰ ਸਾਹਿਬ ਵਿਚੋਂ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ। 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦਾ ਕਤਲ ਹੋਇਆ ਤਾਂ ਹਾਲਾਤ ਹੋਰ ਵਿਗੜ ਗਏ। ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਹੋਇਆ। ਸਿੱਖ ਸਦਮੇ ਵਿਚ ਸਨ। ਪੰਜਾਬ ਵਿਚ ਗਵਰਨਰੀ ਰਾਜ ਸੀ ਅਤੇ ਅਰਜਨ ਸਿੰਘ ਨੂੰ ਕੇਂਦਰ ਨੇ ਸੂਬੇ ਦਾ ਰਾਜਪਾਲ ਬਣਾ ਕੇ ਭੇਜਿਆ। ਹੌਲੀ ਹੌਲੀ ਸੂਬੇ ਦੇ ਹਾਲਾਤ ਸੁਧਰ ਰਹੇ ਸਨ ਅਤੇ ਜੇਲ੍ਹਾਂ ਵਿਚ ਬੰਦ ਅਕਾਲੀ ਆਗੂ ਤੇ ਵਰਕਰ ਰਿਹਾ ਹੋ ਰਹੇ ਸਨ। ਕੇਂਦਰ ਨੇ ਅਰਜਨ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ ਸੀ ਕਿ ਸਿੱਖਾਂ ਅਤੇ ਕੇਂਦਰ ਵਿਚਕਾਰ ਸਮਝੌਤਾ ਕਰਵਾਉਣ ਲਈ ਵਾਤਾਵਰਨ ਤਿਆਰ ਕੀਤਾ ਜਾਵੇ। ਅਰਜਨ ਸਿੰਘ ਨੇ ਸੰਤ ਲੌਂਗੋਵਾਲ ਨੂੰ ਰਾਜੀਵ ਗਾਂਧੀ ਨਾਲ ਸਮਝੌਤਾ ਕਰਨ ਲਈ ਰਜ਼ਾਮੰਦ ਕਰ ਲਿਆ। ਪ੍ਰਕਾਸ਼ ਸਿੰਘ ਬਾਦਲ ਅਤੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਇਸ ਤਜਵੀਜ਼ ਦਾ ਤਿੱਖਾ ਵਿਰੋਧ ਕੀਤਾ। ਸੰਤਾਂ ਨੂੰ ਵਿਸ਼ਵਾਸ ਸੀ ਕਿ ਉਹ ਰਾਜੀਵ ਗਾਂਧੀ ਪਾਸੋਂ ਪੰਜਾਬ ਦੀਆਂ ਮੰਗਾਂ ਮਨਵਾ ਲੈਣਗੇ। ਅਕਾਲੀ ਆਗੂ ਬਲਵੰਤ ਸਿੰਘ ਜੋ ਅਰਜਨ ਸਿੰਘ ਦੇ ਨੇੜੇ ਮੰਨੇ ਜਾਂਦੇ ਸਨ, ਨੇ ਸੁਰਜੀਤ ਸਿੰਘ ਬਰਨਾਲਾ ਨੂੰ ਵੀ ਸਹਿਮਤ ਕਰ ਲਿਆ।
ਅੰਤ 24 ਜੁਲਾਈ 1985 ਨੂੰ ਰਾਜੀਵ-ਲੌਂਗੋਵਾਲ ਸਮਝੌਤਾ ਹੋਇਆ ਪਰ ਇਸ ਅਹਿਦਨਾਮੇ ਦੀ ਇੱਕ ਵੀ ਮੱਦ ’ਤੇ ਵੀ ਅਮਲ ਨਾ ਹੋਇਆ। ਇਸ ਸਮਝੌਤੇ ਤੋਂ ਅਨੇਕਾਂ ਸਿੱਖ ਜੱਥੇਬੰਦੀਆਂ ਖ਼ਫਾਂ ਸਨ। ਸੰਤ ਲੌਂਗੋਵਾਲ ਗਰਮ ਖਿਆਲੀਆਂ ਦੀਆਂ ਅੱਖਾਂ ਵਿਚ ਰੜਕਣ ਲੱਗੇ ਅਤੇ 20 ਅਗਸਤ 1985 ਨੂੰ ਸ਼ੇਰਪੁਰ ਦੇ ਗੁਰਦੁਆਰੇ ਵਿਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ।
ਤਤਕਾਲੀ ਡੀਜੀਪੀ ਕਿਰਪਾਲ ਸਿੰਘ ਢਿੱਲੋਂ ਨੇ ਆਪਣੀ ਕਿਤਾਬ ‘ਟਾਈਮ ਪ੍ਰਜੈਂਟ ਐਂਡ ਟਾਈਮ ਪਾਸਟ’ ਵਿਚ ਸੰਤ ਲੌਂਗੋਵਾਲ ਦੀ ਹੱਤਿਆ ਦਾ ਸੱਚ ਉਜਾਗਰ ਕਰਦਿਆਂ ਲਿਖਿਆ ਹੈ: ਜੀਆਈਐੱਸ ਭੁੱਲਰ ਨੇ ਮੇਰੇ ਕੋਲ ਇਸ ਘਟਨਾ ਦੀਆਂ ਕਈ ਪਰਤਾਂ ਖੋਲ੍ਹੀਆਂ। ਸੰਤ ਜੀ ਪਿੱਛੇ ਦੋ ਨੌਜਵਾਨ ਬੈਠੇ ਸਨ। ਅਰਦਾਸ ਪਿੱਛੋਂ ਸੰਤ ਜਦੋਂ ਮੱਥਾ ਟੇਕਣ ਲਈ ਝੁਕੇ ਤਾਂ ਉਨ੍ਹਾਂ ਨੇ ਰਿਵਾਲਵਰਾਂ ਨਾਲ ’ਤੇ ਫਾਇਰ ਕੀਤੇ। ਸੰਗਤਾਂ ਵਿਚ ਅਜਿਹੇ ਮੌਕੇ ਭਗਦੜ ਮੱਚਣੀ ਹੀ ਸੀ ਪਰ ਸੰਤਾਂ ਦੇ ਕੁਝ ਸ਼ਰਧਾਲੂ ਉਨ੍ਹਾਂ ਦੇ ਸਰੀਰ ਉਪਰ ਲੇਟ ਗਏ ਤਾਂ ਕਿ ਹੋਰ ਗੋਲੀ ਨਾ ਵੱਜ ਸਕੇ। ਇੱਕ ਪੁਲੀਸ ਅਫ਼ਸਰ ਤੁਰੰਤ ਮੌਕੇ ’ਤੇ ਆਇਆ ਅਤੇ ਲੇਟੇ ਸ਼ਰਧਾਲੂਆਂ ਨੂੰ ਕਿਹਾ ਕਿ ਕਾਤਲ ਫ਼ੜੇ ਗਏ ਹਨ, ਉਠੋ। ਜਦੋਂ ਉਹ ਉੱਠ ਖਲੋਤੇ ਉਦੋਂ ਸੰਤਾਂ ’ਤੇ ਦੁਬਾਰਾ ਫ਼ਾਇਰਿੰਗ ਹੋਈ। ਇਹ ਤੱਥ ਰਿਪੋਰਟ ਵਿਚ ਦਰਜ ਨਹੀਂ ਹੋਏ।
ਸੰਤ ਲੌਂਗੋਵਾਲ ਨੇ ਕੇਂਦਰ ਦਾ ਵਿਸ਼ਵਾਸ ਪਾਤਰ ਬਣ ਕੇ ਸਮਝੌਤਾ ਕੀਤਾ। ਇਹ ਸਮਝੌਤਾ ਪਹਿਲੀ ਮਿਸਾਲ ਸਮਝਿਆ ਗਿਆ ਕਿ ਕਿਸੇ ਖੇਤਰੀ ਪਾਰਟੀ ਦੇ ਪ੍ਰਧਾਨ ਅਤੇ ਮੁਲਕ ਦੇ ਪ੍ਰਧਾਨ ਮੰਤਰੀ ਵਿਚਕਾਰ ਲਿਖਤੀ ਸਮਝੌਤਾ ਹੋਇਆ ਹੋਵੇ। ਰਾਜੀਵ-ਲੌਂਗੋਵਾਲ ਸਮਝੌਤੇ ਦੀਆਂ ਮੱਦਾਂ ਉਪਰ ਲੋਕ ਸਭਾ ਨੇ ਵੀ ਮੋਹਰ ਲਾਈ ਪਰ ਇਹ ਸਮਝੌਤਾ ਅਮਲ ਵਿਚ ਨਾ ਆ ਸਕਿਆ। ਇਸ ਸਮਝੌਤੇ ਅਨੁਸਾਰ ਪੰਜਾਬ ਨੂੰ ਚੰਡੀਗੜ੍ਹ, ਗੁਆਢੀ ਰਾਜਾਂ ਦੇ ਪੰਜਾਬੀ ਬੋਲਦੇ ਇਲਾਕੇ, ਦਰਿਆਈ ਪਾਣੀ ਅਤੇ ਹੋਰ ਹੱਕੀ ਮੰਗਾਂ ਮੰਨੀਆਂ ਜਾਣੀਆਂ ਸਨ।
ਸੰਤ ਲੌਂਗੋਵਾਲ ਬਚਪਨ ਤੋਂ ਹੀ ਪੰਥ ਨੂੰ ਸਮਰਪਿਤ ਰਹੇ। ਗਰੀਬ ਕਿਸਾਨ ਦੇ ਘਰ ਪੈਦਾ ਹੋ ਕੇ, ਬਾਣੀ ਅਤੇ ਬਾਣੇ ਵਿਚ ਪ੍ਰਪੱਕ ਰਹਿ ਕੇ ਸਭ ਫ਼ਿਰਕਿਆਂ ਵਿਚ ਹਰਮਨ ਪਿਆਰੇ ਰਹਿ ਚੁੱਕੇ ਸੰਤ ਹਰਚੰਦ ਸਿੰਘ ਲੌਂਗੋਵਾਲ ਇਰਾਦੇ ਦੇ ਦਲੇਰ ਸਨ। ਹਰ ਸਾਲ ਕਸਬਾ ਲੌਂਗੋਵਾਲ ਵਿਚ ਉਨ੍ਹਾਂ ਦੀ ਬਰਸੀ ਮਨਾਈ ਜਾਂਦੀ ਹੈ।
ਸੰਪਰਕ: 94172-72161