ਪੱਤਰ ਪ੍ਰੇਰਕ
ਨਵੀਂ ਦਿੱਲੀ, 7 ਸਤੰਬਰ
ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਦਿੱਲੀ ਸਰਕਾਰ ਨੇ ਪ੍ਰਦੂਸ਼ਣ ਵਿਰੁੱਧ ਲੜਾਈ ਤੇਜ਼ ਕਰ ਦਿੱਤੀ ਹੈ। ਇਸ ਸਬੰਧੀ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਉਹ ਗੁਆਂਢੀ ਰਾਜਾਂ ਵਿੱਚ ਪਰਾਲੀ ਸਾੜਨ ਦੀ ਸਮੱਸਿਆ ਦੇ ਹੱਲ ਲਈ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਤੇ ਕੇਂਦਰੀ ਵਾਤਾਵਰਨ ਮੰਤਰੀ ਨੂੰ ਮਿਲਣਗੇ। ਇਥੇ ਹਵਾ ਪ੍ਰਦੂਸ਼ਣ ਨੂੰ ਕਾਬੂ ਕਰਨ ਲਈ ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਅਸੀਂ ਮੰਗ ਕਰਾਂਗੇ ਕਿ ਸਾਰੇ ਸੂਬਿਆਂ ਲਈ ਇੱਕ ਸਾਂਝੀ ਕਾਰਜ ਯੋਜਨਾ ਤਿਆਰ ਕੀਤੀ ਜਾਵੇ ਤਾਂ ਜੋ ਪ੍ਰਦੂਸ਼ਣ ਵਿਰੁੱਧ ਲੜਾਈ ਜ਼ੋਰਦਾਰ ਢੰਗ ਨਾਲ ਲੜੀ ਜਾ ਸਕੇ। ਜੇਕਰ ਸਾਰੇ ਰਾਜਾਂ ਨੂੰ ਕੇਂਦਰ ਸਰਕਾਰ ਰਾਹੀਂ ਸਹਿਯੋਗ ਮਿਲਦਾ ਹੈ ਤਾਂ ਦਿੱਲੀ ਸਮੇਤ ਸਮੁੱਚੇ ਉੱਤਰ ਭਾਰਤ ਨੂੰ ਪ੍ਰਦੂਸ਼ਣ ਮੁਕਤ ਬਣਾਉਣਾ ਸੌਖਾ ਹੋ ਜਾਵੇਗਾ’। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਪਰਾਲੀ ’ਤੇ ਪੂਸਾ ਇੰਸਟੀਚਿਊਟ ਰਾਹੀਂ ਖੇਤਾਂ ਵਿੱਚ ਬਾਇਓ-ਡੀ-ਕੰਪੋਜ਼ਰ ਦਾ ਛਿੜਕਾਅ ਕੀਤਾ ਸੀ ਤੇ ਨਤੀਜਾ ਚੰਗਾ ਰਿਹਾ। ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਨੂੰ ਬਾਇਓ-ਡੀ-ਕੰਪੋਜ਼ਰ ਦੇ ਸਬੰਧ ਵਿੱਚ ਪਹਿਲ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਪਰਾਲੀ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਦਿੱਲੀ ਸਰਕਾਰ ਅਗਲੇ ਹਫਤੇ ਤੋਂ ਪ੍ਰਦੂਸ਼ਣ ਵਿਰੁੱਧ ਲੜਾਈ ਲੜਨ ਲਈ ਸਰਦੀਆਂ ਦੀ ਕਾਰਜ ਯੋਜਨਾ ਤਿਆਰ ਕਰਨ ਜਾ ਰਹੀ ਹੈ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਦਿੱਲੀ ਦੇ ਅੰਦਰ ਤੇ ਖਾਸ ਕਰਕੇ ਉੱਤਰੀ ਭਾਰਤ ਵਿੱਚ ਸਰਦੀਆਂ ਦੇ ਮੌਸਮ ਵਿੱਚ ਪ੍ਰਦੂਸ਼ਣ ਦੀ ਸਮੱਸਿਆ ਕਾਫੀ ਵੱਧ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਦੀਆਂ ਦੌਰਾਨ ਪਰਾਲੀ ਦੇ ਧੂੰਏਂ ਕਾਰਨ ਬਹੁਤ ਜ਼ਿਆਦਾ ਪ੍ਰਦੂਸ਼ਣ ਪੈਦਾ ਹੁੰਦਾ ਹੈ, ਜਿਸ ਨੂੰ ਰੋਕਣ ਲਈ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਚਰਚਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕੇਂਦਰ ਸਰਕਾਰ ਵੀ ਇਸ ਬਾਰੇ ਵਿਚਾਰ -ਵਟਾਂਦਰਾ ਕਰਦੀ ਰਹਿੰਦੀ ਹੈ ਪਰ ਇਸ ਦਾ ਹਾਲੇ ਤੱਕ ਹੱਲ ਨਹੀਂ ਨਿਕਲ ਰਿਹਾ।
ਹਵਾ ਸ਼ੁੱਧ ਕਰਨ ਲਈ ਸਮੌਗ ਟਾਵਰ ਦਾ ਉਦਘਾਟਨ
ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਵਿੱਚ ਅੱਜ ਆਨੰਦ ਵਿਹਾਰ ਮੈਟਰੋ ਸਟੇਸ਼ਨ ਦੇ ਨੇੜੇ ਦੂਜਾ ਸਮੌਗ ਟਾਵਰ ਲਾਂਚ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਮੌਗ ਟਾਵਰ ਇੱਕ ਢਾਂਚਾ ਹੈ ਜੋ ਆਲੇ ਦੁਆਲੇ ਦੇ ਖੇਤਰਾਂ ਵਿੱਚ ਪ੍ਰਦੂਸ਼ਣ ਦੇ ਕਣਾਂ ਨੂੰ ਘਟਾਉਣ ਲਈ ਵੱਡੇ ਪੱਧਰ ’ਤੇ ਹਵਾ ਸ਼ੁੱਧ ਕਰਨ ਲਈ ਤਿਆਰ ਕੀਤਾ ਗਿਆ ਹੈ। ਟਾਟਾ ਕੰਪਨੀ ਦੁਆਰਾ ਬਣਾਏ ਗਏ ਇਸ ਟਾਵਰ ਦੀ ਸਮਰੱਥਾ 1,000 ਘਣ ਮੀਟਰ ਪ੍ਰਤੀ ਸਕਿੰਟ ਹੈ। ਰਾਸ਼ਟਰੀ ਰਾਜਧਾਨੀ ਦੇ ਜੋਰਬਾਗ ਖੇਤਰ ਦੇ ਇੰਦਰਾ ਪਰਿਵਰਤਨ ਭਵਨ ਵਿੱਚ ਮੰਗਲਵਾਰ ਸਵੇਰੇ ਇੱਕ ਉਦਘਾਟਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਹ ਟਾਵਰ ‘ਰਾਸ਼ਟਰੀ ਸਾਫ਼ ਹਵਾ ਪ੍ਰੋਗਰਾਮ’ ਦੇ ਤਹਿਤ ਜਨਤਾ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 24 ਮੀਟਰ ਉੱਚਾ ਸਮੌਗ ਟਾਵਰ ਕਨਾਟ ਪਲੇਸ ਖੇਤਰ ਵਿੱਚ ਸਥਾਪਤ ਕੀਤਾ ਗਿਆ ਸੀ। 23 ਅਗਸਤ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਨਾਟ ਪਲੇਸ ਵਿੱਚ ਸਮੋਗ ਟਾਵਰ ਦਾ ਉਦਘਾਟਨ ਕੀਤਾ ਸੀ।
ਘਾਤਕ ਸਾਬਤ ਹੋਵੇਗਾ ਪਰਾਲੀ ਪ੍ਰਦੂਸ਼ਣ: ਸੌਰਭ ਭਾਰਦਵਾਜ
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਸੌਰਭ ਭਾਰਦਵਾਜ ਨੇ ਕਿਹਾ ਕਿ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਨੇ ਗੁਆਂਢੀ ਰਾਜਾਂ ਦੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ। ਕਮਿਸ਼ਨ ਨੇ ਕਿਹਾ ਕਿ ਕਰੋਨਾ ਦੀ ਸੰਭਾਵਤ ਤੀਜੀ ਲਹਿਰ ਦੇ ਦੌਰਾਨ ਜੇ ਪਰਾਲੀ ਤੋਂ ਪ੍ਰਦੂਸ਼ਣ ਹੁੰਦਾ ਹੈ ਤਾਂ ਇਹ ਬਹੁਤ ਘਾਤਕ ਹੋਵੇਗਾ। ਗੁਆਂਢੀ ਰਾਜਾਂ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਤੇ ਰਾਜਸਥਾਨ ਵਿੱਚ ਸਾਰੀਆਂ ਤਿਆਰੀਆਂ ਸਿਰਫ ਕਾਗਜ਼ਾਂ ‘ਤੇ ਹਨ। ਗੁਆਂਢੀ ਰਾਜਾਂ ਦੀ ਲਾਪਰਵਾਹੀ ਦਿੱਲੀ ਵਾਸੀਆਂ ਦੀ ਸਿਹਤ ਨੂੰ ਵੱਡਾ ਨੁਕਸਾਨ ਪਹੁੰਚਾ ਸਕਦੀ ਹੈ। ਸੌਰਭ ਭਾਰਦਵਾਜ ਨੇ ਮੰਗਲਵਾਰ ਨੂੰ ਪਾਰਟੀ ਮੁੱਖ ਦਫਤਰ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਸੌਰਭ ਭਾਰਦਵਾਜ ਨੇ ਕਿਹਾ ਕਿ ਜਿਵੇਂ ਹੀ ਦਿੱਲੀ ਤੇ ਉੱਤਰੀ ਭਾਰਤ ਵਿੱਚ ਮਾਨਸੂਨ ਖਤਮ ਹੁੰਦਾ ਹੈ ਉੱਤਰ ਪ੍ਰਦੇਸ਼, ਹਰਿਆਣਾ, ਪੰਜਾਬ ਤੇ ਰਾਜਸਥਾਨ ਦੇ ਕਿਸਾਨ ਅਗਲੀ ਫਸਲ ਦੀ ਤਿਆਰੀ ਕਰਨਗੇ। ਕਿਸਾਨ ਝੋਨੇ ਦੀ ਫਸਲ ਵੱਢ ਕੇ ਕਣਕ ਦੀ ਫਸਲ ਬੀਜਣ ਦੀ ਤਿਆਰੀ ਕਰਨਗੇ। ਉਸੇ ਸਮੇਂ ਪਰਾਲੀ ਦੇ ਕਾਰਨ ਪ੍ਰਦੂਸ਼ਣ ਵਧਦਾ ਹੈ ਤੇ ਪੂਰੇ ਉੱਤਰ ਭਾਰਤ ਵਿੱਚ ਦਿਖਾਈ ਦੇਵੇਗਾ।