ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 20 ਜੁਲਾਈ
ਇੱਥੋਂ ਦੇ ਇੱਕ ਵਪਾਰੀ ਕੋਲੋਂ ਪੰਜਾਹ ਲੱਖ ਰੁਪਏ ਦੀ ਫ਼ਿਰੌਤੀ ਮੰਗਣ ਦੇ ਦੋਸ਼ ਹੇਠ ਕੋਟਕਪੂਰਾ ਸਿਟੀ ਪੁਲੀਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਕੈਨੇਡਾ ਵਿਚ ਰਹਿ ਰਹੇ ਮੈਂਬਰ ਗੋਲਡੀ ਬਰਾੜ ਉਰਫ ਸਤਿੰਦਰਜੀਤ ਸਿੰਘ ਸਮੇਤ ਚਾਰ ਵਿਰੁੱਧ ਕੇਸ ਦਰਜ ਕੀਤਾ ਹੈ। ਕਾਂਗਰਸੀ ਆਗੂ ਗੁਰਪਾਲ ਸਿੰਘ ਪਹਿਲਵਾਨ ਦਾ ਕਤਲ ਕਰਵਾਉਣ ਦੇ ਮਾਮਲੇ ਵਿੱਚ ਰਾਜਸਥਾਨ ਦੀ ਜੇਲ੍ਹ ’ਚ ਬੰਦ ਲਾਰੈਂਸ ਬਿਸ਼ਨੋਈ ਅਤੇ ਉਸ ਦੇ ਸਾਥੀ ਗੋਲਡੀ ਬਰਾੜ ਨੂੰ ਵੀ ਇਸ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ। ਵਪਾਰੀ ਸੁਮਿਤ ਕੁਮਾਰ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਉੁਸ ਨੂੰ ਇਕ ਵਿਦੇਸ਼ੀ ਨੰਬਰ ਤੋਂ ਫੋਨ ਆਇਆ ਸੀ। ਫੋਨ ਕਰਨ ਵਾਲੇ ਨੇ ਆਪਣਾ ਨਾਂ ਗੋਲਡੀ ਬਰਾੜ ਦੱਸਦਿਆਂ ਉਸ ਕੋਲੋਂ 50 ਲੱਖ ਰੁਪਏ ਮੰਗੇ। ਅਜਿਹਾ ਨਾ ਕਰਨ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਮਾਰਨ ਦੀ ਧਮਕੀ ਦਿੱਤੀ ਗਈ।