ਸੁਖਪਾਲ ਸਿੰਘ ਗਿੱਲ
ਸੱਭਿਅਤਾ ਦੇ ਵਿਕਾਸ ਨਾਲ ਮਨੁੱਖ ਨੇ ਧਰਤੀ ਉਤੇ ਜਿਊਣ ਲਈ ਖੁਦ ਕਈ ਤਰ੍ਹਾਂ ਦੇ ਮਾਪਦੰਡ ਤੈਅ ਕੀਤੇ ਜਿਨ੍ਹਾਂ ਵਿਚ ਸਮਾਜਿਕ ਅਤੇ ਰਾਜਨੀਤਕ ਖੇਤਰ ਮੁੱਖ ਹਨ। ਸਾਡੇ ਦੇਸ਼ ਵਿਚ ਲੋਕਤੰਤਰ ਦਾ ਰਾਜ ਕਾਇਮ ਹੋਇਆ। ਲੋਕਤੰਤਰ ਦੀ ਖਾਸ ਗੱਲ ਇਹ ਹੁੰਦੀ ਹੈ ਕਿ ਜੋ ਜਨਤਾ ਦੀ ਕਸਵੱਟੀ ਤੇ ਪੂਰਾ ਨਾ ਉਤਰੇ, ਉਹ ਬਦਲ ਜਾਂਦੇ ਹਨ।
ਅਬਰਾਹਿਮ ਲਿੰਕਨ ਨੇ ਅੰਦਰੂਨੀ, ਭਾਵ ਅਰਥਾਂ ਨਾਲ ਲੋਕਤੰਤਰ ਨੂੰ ਇਉਂ ਪ੍ਰਭਾਸ਼ਿਤ ਕੀਤਾ ਸੀ, ਲੋਕਤੰਤਰ ਲੋਕਾਂ ਲਈ, ਲੋਕਾਂ ਦੁਆਰਾ ਅਤੇ ਲੋਕਾਂ ਦਾ ਸ਼ਾਸਨ ਹੁੰਦਾ ਹੈ। ਇਸ ਕਥਨ ਦਾ ਸਮੇਂ ਅਤੇ ਸਥਿਤੀ ਮੁਤਾਬਿਕ ਰੁਤਬਾ ਉੱਚਾ ਹੈ। ਜਿਥੇ ਜਨਤਾ ਭੋਲੀ-ਭਾਲੀ ਹੋਵੇ, ਉਥੇ ਲੋਕਤੰਤਰ ਦੇ ਉਦੇਸ਼ ਦੀ ਪ੍ਰਾਪਤੀ ਦਾ ਟੀਚਾ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਗਿਣਾਤਮਿਕ ਅਤੇ ਗੁਣਾਤਮਿਕ ਪੱਖ ਵੀ ਆਪੋ-ਆਪਣਾ ਪ੍ਰਭਾਵ ਪਾਉਂਦੇ ਹਨ।
ਲੋਕਤੰਤਰ ਲੋਕਾਂ ਨੂੰ ਚੁੱਪ-ਚੁਪੀਤੇ ਭੜਾਸ ਕੱਢਣ ਦਾ ਮੌਕਾ ਇਸੇ ਲਈ ਕਿਹਾ ਜਾਂਦਾ ਹੈ। ਲੋਕਤੰਤਰ ਵਿਚ ਲੋਕ ਹੱਕ ਵਿਚ ਨਹੀਂ ਬਲਕਿ ਖਿਲਾਫ ਵੋਟ ਪਾਉਂਦੇ ਹਨ। ਬਿਨਾ ਸ਼ੱਕ, ਵੋਟ ਦਾ ਹਥਿਆਰ ਹੀ ਲੋਕਾਂ ਨੂੰ ਲੋਕਤੰਤਰਕ ਬਣਾਉਂਦਾ ਹੈ ਜਿਸ ਵਿਚ ਸਮਾਂ ਆਉਣ ਤੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰ ਲੈਂਦੇ ਹਨ ਪਰ ਬਹੁਤ ਵਾਰ ਵੋਟ ਦੀ ਵਰਤੋਂ ਤੋਂ ਬਾਅਦ ਵੋਟਰ ਦੀ ਸੋਚ ਅਤੇ ਆਸ ਨੁਕਰੇ ਲੱਗ ਜਾਂਦੀ ਹੈ ਅਤੇ ਜੇਤੂ ਸ਼ਖ਼ਸ ਅਗਲੇ 5 ਸਾਲ ਬਾਅਦ ਦਾ ਨਕਸ਼ਾ ਸੋਚਣ ਲੱਗ ਪੈਂਦਾ ਹੈ। ਬੇਇਨਸਾਫੀ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਲੋਕਤੰਤਰ ਵਿਚ ਅੱਗ ਬਬੂਲੇ ਵਾਂਗ ਨੱਚਦੇ ਹਨ ਪਰ ਇਕਦਮ ਅਗਲੇ 5 ਸਾਲ ਲਈ ਲੋਕਾਂ ਦੀ ਕਚਿਹਰੀ ਵਿਚ ਲੰਬਿਤ ਪੈ ਜਾਂਦੇ ਹਨ।
ਸਾਡੀ ਅਗਿਆਨਤਾ ਦਾ ਰਾਜਨੀਤਕ ਵਰਗ ਸਹਿਜੇ ਹੀ ਅੰਦਾਜ਼ਾ ਲਾ ਲੈਂਦਾ ਹੈ। ਇਸੇ ਲਈ ਇਹ ਨੌਬਤ ਆਉਂਦੀ ਹੈ। ਆਮ ਲੋਕਾਂ ਨੂੰ ਵੋਟਾਂ ਸਮੇਂ ਹੀ ਲੋਕਤੰਤਰ ਦਾ ਪਤਾ ਲੱਗਦਾ ਹੈ। ਲੋਕਤੰਤਰ ਅਸਲ ਵਿਚ ਫ਼ਰਜ਼ ਦੀ ਪਾਲਣਾ ਦਾ ਸੁਨੇਹਾ ਦਿੰਦਾ ਹੈ ਪਰ ਸਿਤਮਜ਼ਰੀਫ਼ੀ ਇਹ ਹੈ ਕਿ ਫ਼ਰਜ਼ ਲੋਕਾਂ ਦੇ ਪੱਲੇ ਅਤੇ ਹੱਕ ਰਖਵਾਲਿਆਂ ਦੇ ਪੱਲੇ ਪੈ ਜਾਂਦੇ ਹਨ। ਲੋਕਾਂ ਦੇ ਹੱਕ, ਜਿੱਤਣ ਵਾਲੀ ਜਮਾਤ ਕੋਲ ਗਿਰਵੀ ਹੋ ਜਾਂਦੇ ਹਨ। ਜਨਤਾ ਬੇਇਨਸਾਫੀ ਅਤੇ ਸ਼ੋਸ਼ਣ ਆਪਣੇ ਪਿੰਡੇ ਹੰਢਾਉਣ ਲਈ ਮਜਬੂਰ ਹੋ ਜਾਂਦੀ ਹੈ। ਸਭ ਕੁਝ ਅਣਸੁਲਝੇ ਅਤੇ ਅਣਕਿਆਸੇ ਸਵਾਲਾਂ ਵਿਚ ਘਿਰ ਜਾਂਦਾ ਹੈ। ਜਨਤਾ ਨੂੰ ਘਟਨਾਵਾਂ ਸਦਾ ਯਾਦ ਰੱਖਣੀਆਂ ਚਾਹੀਦੀਆਂ ਹਨ ਤਾਂ ਜੋ ਮੁੜ ਅਜਿਹਾ ਨਾ ਵਾਪਰੇ ਪਰ ਇਸ ਲਈ ਸਾਡੀ ਅਗਿਆਨਤਾ ਲੋਕਤੰਤਰ ਦੇ ਕਥਿਤ ਰਖਵਾਲਿਆਂ ਲਈ ਸਹਾਈ ਹੋ ਜਾਂਦੀ ਹੈ। ਬਹੁਤੇ ਰਖਵਾਲੇ ਸੱਚ ਬੋਲਣ ਤੋਂ ਪਾਸਾ ਵੱਟਦੇ ਹਨ। ਸਾਡੀ ਭੇਡ ਚਾਲ ਦਾ ਸਹਾਰਾ ਲੈਂਦੇ ਹਨ। ਮੌਕੇ ਦੇ ਹਾਲਾਤ ਅਨੁਸਾਰ ਸ਼ਰਾਬ, ਪੈਸਾ ਅਤੇ ਲਾਲਚ ਵੰਡ ਕੇ ਲੋਕਾਂ ਦੀ ਲਾਚਾਰੀ ਦਾ ਫਾਇਦਾ ਉਠਾਇਆ ਜਾਂਦਾ ਹੈ। ਜਨਤਾ ਦੀ ਇਸ ਲਾਚਾਰੀ ਦੇ ਕਾਰਨਾਂ ਦੀ ਪੜਤਾਲ ਕਰਕੇ ਜਗਿਆਸਾ ਪੈਦਾ ਕਰਨੀ ਚਾਹੀਦੀ ਹੈ। ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਲੋਕਤੰਤਰ ਵਿਚ ਲੋਕਾਂ ਦੀ ਨਬਜ਼ ਪਛਾਣ ਕੇ ਰਾਜਨੀਤਕ ਵਰਗ ਸਭ ਕੁਝ ਸਿੱਖ ਜਾਂਦਾ ਹੈ ਜਦੋਂ ਕਿ ਲੋਕ ਸਿੱਖਣ ਤੋਂ ਦਰਕਿਨਾਰ ਹੋ ਕੇ ਅਣਸੁਲਝੇ ਸਵਾਲਾਂ ਵਿਚ ਗੁਆਚ ਜਾਂਦੇ ਹਨ।
ਲੋਕਤੰਤਰ ਵਿਚ ਸਰਕਾਰ ਤੇ ਹਰ ਕੋਈ ਮਾਣ ਕਰਦਾ ਹੈ ਕਿ ਉਸ ਦੀ ਭਾਗੀਦਾਰੀ ਹੈ ਪਰ ਜਦੋਂ ਲੋਕਤੰਤਰੀ ਰਖਵਾਲੇ ਆਸ ਤੋਂ ਉਲਟ ਸੁਨੇਹੇ ਦੇਣ ਲੱਗਦੇ ਹਨ ਤਾਂ ਜਨਤਾ ਬੇਵੱਸ ਹੋ ਕੇ ਰਹਿ ਜਾਂਦੀ ਹੈ। ਡਬਲਿਊ ਚੈਨਿੰਗ ਕਹਿੰਦਾ ਹੈ- ਸਰਕਾਰ ਦਾ ਕੰਮ ਲੋਕਾਂ ਨੂੰ ਅਜਿਹੇ ਮੌਕੇ ਮੁਹੱਈਆ ਕਰਵਾਉਣਾ ਹੈ ਜੋ ਉਨ੍ਹਾਂ ਦੀ ਖੁਸ਼ੀ ਦਾ ਸਬਬ ਬਣਨ। ਇਹ ਤੱਥ ਲੋਕਤੰਤਰੀ ਸਰਕਾਰ ਤੇ ਢੁੱਕਦਾ ਹੈ ਕਿਉਂਕਿ ਲੋਕਾਂ ਨੇ ਵੋਟ ਆਪਣੀ ਖੁਸ਼ੀ ਲਈ ਦਿੱਤੀ ਹੁੰਦੀ ਹੈ ਪਰ ਨੇਤਾ ਨੂਮ ਕੁਰਸੀ ਤੋਂ ਬਾਅਦ ਭੁਲ-ਭੁਲੱਈਆ ਸ਼ੁਰੂ ਹੋ ਜਾਂਦੀ ਹੈ।
ਲੋਕਾਂ ਦੇ ਮਸਲੇ ਅਤੇ ਮੁੱਦੇ ਭੁਲਾ ਦਿੱਤੇ ਜਾਂਦੇ ਹਨ। ਸਿੱਟੇ ਵਜੋਂ ਰਖਵਾਲੇ ਸਿਰਫ ਡੰਗ ਟਪਾਉਂਦੇ ਹਨ। ਲੋਕਾਂ ਦੀ ਸਿਹਤ, ਸਿੱਖਿਆ ਵੱਲ ਤਵੱਜੋ ਨਹੀਂ ਦਿੰਦੇ। ਬਿਹਮ ਯੰਗ ਦਾ ਸੁਨੇਹਾ ਹੈ ਕਿ ਲੋਕਤੰਤਰ ਅਜਿਹੀ ਆਵਾਜ਼ ਬਣਨੀ ਚਾਹੀਦੀ ਹੈ, ਰਾਜ ਅਜਿਹੇ ਲੋਕਾਂ ਦਾ ਹੋਣਾ ਚਾਹੀਦਾ ਹੈ ਜੋ ਦੋਲਤ ਤੇ ਸ਼ੋਹਰਤ ਨਾਲੋਂ ਲੋਕਾਂ ਦੀ ਭਲਾਈ ਤੇ ਉਨ੍ਹਾਂ ਦੀ ਸੁਰੱਖਿਆ ਨੂੰ ਤਰਜੀਹ ਦੇਵੇ। ਇਸ ਕਥਨ ਦੇ ਨੁਕਤੇ ਬਾਰੇ ਝਾਤੀ ਮਾਰ ਕੇ ਦੇਖਿਆ ਜਾਵੇ ਤਾਂ ਪ੍ਰਤੀਤ ਹੁੰਦਾ ਹੈ ਕਿ ਅਜੇ ਬਹੁਤ ਕੁਝ ਅਣਸੁਲਝਿਆ ਪਿਆ ਹੈ।
ਅੱਜ ਲੋਕਤੰਤਰ ਦੀ ਮੰਗ ਹੈ ਕਿ ਚੋਣ ਵਾਅਦੇ ਕਾਨੂੰਨੀ ਦਾਇਰੇ ਵਿਚ ਆਉਣ; ਜੇ ਇਨ੍ਹਾਂ ਨੂੰ ਲਾਗੂ ਕਰਨ ਦੇ ਮਾਮਲੇ ਤੇ ਸੱਤਾਧਾਰੀ ਟਾਲ-ਮਟੋਲ ਕਰਨ ਤਾਂ ਉਹ ਸਖਤ ਕਾਨੂੰਨੀ ਕਾਰਵਾਈ ਦੇ ਭਾਗੀ ਬਣਨ। ਇਸ ਨਾਲ ਲੋਕਤੰਤਰ ਦਾ ਸਹੀ ਅਨੰਦ ਮਾਨਣ ਦੇ ਨਾਲ ਨਾਲ ਸ਼ੁਹਰਤ ਅਤੇ ਦੌਲਤ ਨੂੰ ਵਿਰਾਮ ਲੱਗੇਗਾ। ਇਸ ਵਿਚੋਂ ਹੀ ‘ਰਾਜ ਨਹੀਂ ਸੇਵਾ’ ਦਾ ਅਸਲੀ ਮਕਸਦ ਉਪਜੇਗਾ। ਇਸ ਤਰ੍ਹਾਂ ਨਾਲ ਰਾਜ ਨਹੀਂ ਸੇਵਾ ਦਾ ਪ੍ਰਚਾਰ ਰਾਜਨੀਤਕ ਵਰਗ ਨੂੰ ਪੈਸੇ ਖਰਚ ਕੇ ਕਰਨ ਦੀ ਬਜਾਇ ਲੋਕ ਖੁਦ ਹੀ ਕਰਨਗੇ। ਲੋਕਾਂ ਵਿਚ ਵੀ ਹਿਸਾਬ ਕਿਤਾਬ ਲੈਣ ਦੀ ਜੁਰਅਤ ਪੈਦਾ ਹੋਵੇ ਤਾਂ ਜੋ ਭਵਿੱਖ ਖੁਸ਼ਹਾਲੀ ਦੇ ਸੁਨੇਹੇ ਛੱਡੇ। ਅੱਜ ਸਮੇਂ ਦੀ ਮੰਗ ਲੋਕਤੰਤਰ ਨੂੰ ਸਹੀ ਅਰਥਾਂ ਵਿਚ ਲੋਕਾਂ ਤੱਕ ਪਹੁੰਚਾਉਣ ਦੀ ਹੈ ਤਾਂ ਜੋ ਲੋਕਤੰਤਰ ਵਿਚ ਮੁੱਦੇ ਅਤੇ ਸਵਾਲ ਅਣਸੁਲਝੇ ਨਾ ਰਹਿਣ ਬਲਕਿ ਲੋਕਤੰਤਰ ਆਪਣੇ ਉਦੇਸ਼ ਦੀ ਪੂਰਤੀ ਕਰਨ ਦੇ ਨਾਲ ਨਾਲ ਹਕੀਕਤ ਵਿਚ ਲੋਕਾਂ ਦੇ ਕੰਮ ਆਉਣ ਵਾਲਾ ਹਥਿਆਰ ਬਣੇ।
ਵੋਟਾਂ ਸਮੇਂ ਆਪਣੇ ਵੋਟ ਦੀ ਸਹੀ ਵਰਤੋਂ ਕਰਨ ਨਾਲ ਲੋੜੀਂਦੇ ਨਤੀਜੇ ਤੇ ਪਹੁੰਚਿਆ ਜਾ ਸਕਦਾ ਹੈ।
ਕਿਸਾਨ ਅੰਦੋਲਨ ਸਮੇਂ ਇੱਕਮਤ ਹੋ ਕੇ ਜਿੱਤਣਾ ਲੋਕਤੰਤਰ ਦੀ ਸਹੀ ਪਰਿਭਾਸ਼ਾ ਸਾਬਤ ਹੋਈ। ਕਿਸਾਨ ਅੰਦੋਲਨ ਦੇ ਨਾਲ ਹੀ ਇਹ ਚੋਣਾਂ ਪੰਜਾਬ ਦੇ ਭਵਿੱਖ ਲਈ ਸ਼ੁਭ ਸੰਕੇਤ ਹਨ। ਅੰਦੋਲਨ ਨੇ ਲੋਕਤੰਤਰ ਨੂੰ ਮਜ਼ਬੂਤੀ ਦਿੱਤੀ ਹੈ।
ਸੰਪਰਕ: 98781-11445