ਪੱਤਰ ਪ੍ਰੇਰਕ
ਨਵੀਂ ਦਿੱਲੀ, 24 ਫਰਵਰੀ
ਬੰਗਲੁਰੂ ਦੇ ਮਾਊਂਟ ਕਾਰਮਲ ਪੀਯੂ ਕਾਲਜ ਵਿੱਚ ਇੱਕ 17 ਸਾਲਾ ਅੰਮ੍ਰਿਤਧਾਰੀ ਸਿੱਖ ਲੜਕੀ ਨੂੰ ਅਧਿਕਾਰੀਆਂ ਵੱਲੋਂ ਕਲਾਸ ਵਿੱਚ ਜਾਣ ਤੋਂ ਰੋਕਣ ਦਾ ਮਾਮਲਾ ਸਾਹਮਣੇ ਆਉਣ ਮਗਰੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੂੰ ਪੱਤਰ ਲਿਖ ਕੇ ਘਟਨਾ ਪ੍ਰਤੀ ਚਿੰਤਾ ਜ਼ਾਹਰ ਕੀਤੀ ਹੈ।
ਸ੍ਰੀ ਕਾਲਕਾ ਤੇ ਸ੍ਰੀ ਕਾਹਲੋਂ ਨੇ ਦੱਸਿਆ ਕਿ ਕਿਸੇ ਸਿੱਖ ਲੜਕੀ ਨੂੰ ਦਸਤਾਰ ਬੰਨ ਕੇ ਕਲਾਸ ਵਿੱਚ ਜਾਣ ਤੋਂ ਰੋਕਣਾ ਬਹੁਤ ਹੀ ਨਿੰਦਣਯੋਗ ਹੈ, ਇਸ ਲਈ ਉਨ੍ਹਾਂ ਕਾਲਜ ਦੇ ਡਾਇਰੈਕਟਰ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਸਿੱਖਾਂ ਲਈ ਦਸਤਾਰ ਦਾ ਮਹੱਤਵ ਕੀ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਦੇ ਫੈਸਲੇ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਗਿਆ ਕਿ ਦਸਤਾਰ ’ਤੇ ਪਾਬੰਦੀ ਹੈ ਜਿਸ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਗੱਲ ਨੂੰ ਸਮਝਦਿਆਂ ਸਿੱਖ ਕੁੜੀ ਨੂੰ ਕਲਾਸ ’ਚ ਬੈਠਣ ਦੀ ਇਜਾਜ਼ਤ ਦੇ ਦਿੱਤੀ ਗਈ। ਪੱਤਰ ਵਿੱਚ ਆਗੂਆਂ ਨੇ ਕਿਹਾ ਕਿ ਦੇਸ਼ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹਨ। ਸਿੱਖਾਂ ਨੇ ਪਹਿਲੇ ਵਿਸ਼ਵ ਯੁੱਧ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਦਸਤਾਰਾਂ ਬੰਨ੍ਹ ਕੇ ਬਹਾਦਰੀ ਨਾਲ ਲੜਾਈ ਲੜੀ। ਉਨ੍ਹਾਂ ਅੱਗੇ ਕਿਹਾ ਕਿ ਸਿੱਖ ਪ੍ਰਸ਼ਾਸਨਿਕ ਸੇਵਾਵਾਂ, ਸਰਕਾਰੀ ਦਫ਼ਤਰਾਂ, ਮੰਤਰਾਲਿਆਂ, ਅਦਾਲਤਾਂ ਆਦਿ ਵਿੱਚ ਦਸਤਾਰ ਸਜਾ ਕੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਇਸ ਤੋਂ ਇਲਾਵਾ ਸਿੱਖਾਂ ਨੂੰ ਹੈਲਮੇਟ ਪਾਉਣ ਤੋਂ ਵੀ ਛੋਟ ਦਿੰਦੇ ਹੋਏ ਦਸਤਾਰ ਨੂੰ ਵੀ ਮਾਨਤਾ ਦਿੱਤੀ ਗਈ ਹੈ।
ਦਸਤਾਰ ਦੀ ਸੁਰੱਖਿਆ ਲਈ ਸੰਵਿਧਾਨ ਵਿੱਚ ਸੋਧ ਕਰਨ ਦੀ ਮੰਗ
ਨਵੀਂ ਦਿੱਲੀ: ਕਰਨਾਟਕਾ ਵਿੱਚ ਸਕੂਲਾਂ ਵਿੱਚ ਪੱਗ ਅਤੇ ਪਟਕਿਆਂ ’ਤੇ ਪਾਬੰਦੀ ਦੇ ਮਾਮਲੇ ਸਾਹਮਣੇ ਆਉਣ ਮਗਰੋਂ ਹਰਕਤ ਵਿੱਚ ਆਉਂਦਿਆਂ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਕੇਂਦਰ ਸਰਕਾਰ ਤੋਂ ਦਸਤਾਰ ਅਤੇ ਪੰਜ ਕਕਾਰਾਂ ਨੂੰ ਸੰਵਿਧਾਨਕ ਸੁਰੱਖਿਆ ਦੇਣ ਲਈ ਸੰਵਿਧਾਨ ਵਿੱਚ ਸੋਧ ਕਰਨ ਦੀ ਮੰਗ ਕੀਤੀ ਹੈ। ਪਾਰਟੀ ਦੇ ਜਨਰਲ ਸਕੱਤਰ ਬੰਨੀ ਜੋਲੀ ਨੇ ਕਰਨਾਟਕ ਦੇ ਕੁਝ ਸਕੂਲਾਂ ਦੇ ਵਰਤਾਰੇ ’ਤੇ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਸਕੂਲਾਂ ਨੇ ਇੱਕ ਅਜਿਹੇ ਵਿਸ਼ਵਾਸ ਦਾ ਨਿਰਾਦਰ ਕੀਤਾ ਹੈ ਜਿਸਦੇ ਸੈਨਿਕਾਂ ਨੇ ਬਹਾਦਰੀ ਨਾਲ ਇਸ ਦੇਸ਼ ਦੀ ਸੁਰੱਖਿਆ ਕੀਤੀ। ਬੰਨੀ ਜੋਲੀ ਨੇ ਕਿਹਾ ਕਿ ਉਨ੍ਹਾਂ ਸਕੂਲਾਂ ਨੂੰ ਇੰਟਰਨੈਟ ’ਤੇ ਸਿੱਖ ਰੈਜੀਮੈਂਟ ਦੀ ਬਹਾਦਰੀ ਨੂੰ ਵੇਖਣਾ ਤੇ ਪੜ੍ਹਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਤਕ ਸਿਰਫ਼ ਸਿੱਖ ਕਿਰਪਾਨ ਨੂੰ ਸੰਵਿਧਾਨ ਦੀ ਧਾਰਾ 25 (2)(ਬੀ) ਮੁਤਾਬਕ ਸੰਵਿਧਾਨਕ ਸੁਰੱਖਿਆ ਦਿੱਤੀ ਗਈ ਹੈ। ਸਿੱਖ ਪਗੜੀ, ਅੰਡਰ ਟਰਬਨ ਪਟਕਾ, ਬਨ ਕਵਰਿੰਗ ਅਤੇ ਚਾਰ ਹੋਰ ਕਕਾਰਾਂ ਲਈ ਇੱਕਸਮਾਨ ਸੁਰੱਖਿਆ ਹੋਣਾ ਲਾਜ਼ਮੀ ਹੈ। – ਪੱਤਰ ਪ੍ਰੇਰਕ