ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 11 ਮਈ
ਮੁੱਖ ਅੰਸ਼
- ਪੁਲੀਸ ਹੈੱਡਕੁਆਰਟਰ ’ਤੇ ਹਮਲਾ ਕਰਨ ਵਾਲੇ ਮੁਲਜ਼ਮਾਂ ਦੀ ਕਾਰ ਦੀ ਸੀਸੀਟੀਵੀ ਫੁਟੇਜ ਹੋਈ ਜਨਤਕ
- ਪਿੰਡ ਲਖਨੌਰ ਦੀ ਵਿਧਵਾ ਨੇ ਸਭ ਤੋਂ ਪਹਿਲਾਂ ਦੇਖਿਆ ਸੀ ਝਾੜੀਆਂ ’ਚ ਪਿਆ ਲਾਂਚਰ
ਇਥੇ ਪਿਛਲੇ ਦਿਨੀਂ ਪੁਲੀਸ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ’ਤੇ ਰਾਕੇਟ ਨਾਲ ਕੀਤੇ ਗਏ ਹਮਲੇ ਦੇ ਮਾਮਲੇ ’ਚ ਪੰਜਾਬ ਪੁਲੀਸ ਵੱਲੋਂ ਨਿਸ਼ਾਨ ਸਿੰਘ (26) ਵਾਸੀ ਪਿੰਡ ਕੁੱਲਾ (ਤਰਨ ਤਾਰਨ) ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਖ਼ਿਲਾਫ਼ ਅੰਮ੍ਰਿਤਸਰ, ਤਰਨ ਤਾਰਨ, ਮੋਗਾ, ਗੁਰਦਾਸਪੁਰ ਅਤੇ ਫਰੀਦਕੋਟ ਆਦਿ ਵੱਖ-ਵੱਖ ਥਾਣਿਆਂ ਵਿੱਚ ਐੱਨਡੀਪੀਐੱਸ, ਅਸਲਾ ਐਕਟ, ਸਨੈਚਿੰਗ ਅਤੇ ਹੋਰ ਧਾਰਾਵਾਂ ਤਹਿਤ ਦਰਜਨ ਤੋਂ ਵੱਧ ਅਪਰਾਧਿਕ ਕੇਸ ਦਰਜ ਹਨ। ਉਹ ਫਰੀਦਕੋਟ ਵਿੱਚ ਗੈਂਗਸਟਰ ਨੂੰ ਨਾਜਾਇਜ਼ ਅਸਲਾ ਸਪਲਾਈ ਕਰਨ ਦੇ ਇੱਕ ਪੁਰਾਣੇ ਮਾਮਲੇ ਵਿੱਚ ਭਗੌੜਾ ਚੱਲ ਰਿਹਾ ਸੀ। ਪੁਲੀਸ ਨੇ ਇਸ ਮਾਮਲੇ ’ਚ 10 ਹੋਰ ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਹੈ। ਮੁਹਾਲੀ ਪੁਲੀਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਸੈਕਟਰ-77 ਸਥਿਤ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ’ਤੇ ਰਾਕੇਟ ਪ੍ਰੋਪੇਲਡ ਗ੍ਰੇਨਾਈਟ (ਆਰਪੀਜੀ) ਹਮਲੇ ਦੇ ਮਾਮਲੇ ਵਿੱਚ ਵੀ ਨਿਸ਼ਾਨ ਸਿੰਘ ਦਾ ਹੱਥ ਹੈ। ਨਿਸ਼ਾਨ ਨੂੰ ਮੁਹਾਲੀ ਅਤੇ ਫਰੀਦਕੋਟ ਪੁਲੀਸ ਨੇ ਸਾਂਝੇ ਅਪਰੇਸ਼ਨ ਦੌਰਾਨ ਫੜਿਆ ਹੈ। ਪੁਲੀਸ ਸੂਤਰਾਂ ਅਨੁਸਾਰ ਨਿਸ਼ਾਨ ਸਿੰਘ ਹਾਲ ਹੀ ਵਿੱਚ ਗੋਇੰਦਵਾਲ ਸਾਹਿਬ ਦੀ ਜੇਲ੍ਹ ’ਚੋਂ ਰਿਹਾਅ ਹੋ ਕੇ ਆਇਆ ਸੀ। ਉਸ ਦੇ ਖਾਲਿਸਤਾਨੀ ਸਮਰਥਕਾਂ ਨਾਲ ਗੂੜ੍ਹੇ ਸਬੰਧ ਦੱਸੇ ਜਾ ਰਹੇ ਹਨ। ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀਆਂ ਦੀ ਟੀਮ ਵੀ ਉਸ ਦੇ ਪਿੰਡ ਪਹੁੰਚੀ ਸੀ ਅਤੇ ਮੋਹਤਬਰ ਵਿਅਕਤੀਆਂ ਨਾਲ ਗੱਲ ਕਰਕੇ ਉਸ ਦੇ ਪਿਛੋਕੜ ਬਾਰੇ ਜਾਣਕਾਰੀ ਹਾਸਲ ਕੀਤੀ ਸੀ। ਜਾਣਕਾਰੀ ਅਨੁਸਾਰ ਕੁੱਝ ਦਿਨ ਪਹਿਲਾਂ ਫਰੀਦਕੋਟ ਪੁਲੀਸ ਨੇ ਕਿੱਪਾ ਨਾਮ ਦੇ ਇਕ ਗੈਂਗਸਟਰ ਨੂੰ ਨਾਜਾਇਜ਼ ਅਸਲੇ ਸਮੇਤ ਗ੍ਰਿਫ਼ਤਾਰ ਕੀਤਾ ਸੀ। ਮੁੱਢਲੀ ਪੁੱਛ-ਪੜਤਾਲ ਦੌਰਾਨ ਕਿੱਪਾ ਨੇ ਪੁਲੀਸ ਨੂੰ ਦੱਸਿਆ ਕਿ ਉਸ ਕੋਲੋਂ ਬਰਾਮਦ ਹੋਇਆ ਅਸਲਾ ਨਿਸ਼ਾਨ ਸਿੰਘ ਨੇ ਦਿੱਤਾ ਸੀ। ਹੁਣ ਪ੍ਰੋਡਕਸ਼ਨ ਵਾਰੰਟ ’ਤੇ ਨਿਸ਼ਾਨ ਸਿੰਘ ਨੂੰ ਮੁਹਾਲੀ ਲਿਆਂਦਾ ਜਾਵੇਗਾ।
ਇਸੇ ਦੌਰਾਨ ਬੁੱਧਵਾਰ ਸ਼ਾਮ ਨੂੰ ਮੁਹਾਲੀ ਤੋਂ ਵੀ ਇਕ ਵਿਅਕਤੀ ਨੂੰ ਹਿਰਾਸਤ ਵਿੱਚ ਲੈਣ ਬਾਰੇ ਪਤਾ ਲੱਗਾ ਹੈ ਪ੍ਰੰਤੂ ਕੋਈ ਵੀ ਅਧਿਕਾਰੀ ਕੁੱਝ ਵੀ ਦੱਸਣ ਨੂੰ ਤਿਆਰ ਨਹੀਂ ਹੈ। ਉਂਜ ਅੱਜ ਮੁਹਾਲੀ ਪੁਲੀਸ ਨੇ ਕਰੀਬ 10 ਹੋਰ ਸ਼ੱਕੀ ਵਿਅਕਤੀਆਂ ਨੂੰ ਪੁੱਛ-ਪੜਤਾਲ ਲਈ ਹਿਰਾਸਤ ਵਿੱਚ ਲਿਆ ਹੈ। ਬੀਤੇ ਦੋ ਦਿਨਾਂ ਵਿੱਚ ਪੁਲੀਸ ਨੇ 22 ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਇਨ੍ਹਾਂ ਕੋਲੋਂ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਕੈਂਪਸ ਆਫਿਸ ਵਿੱਚ ਉੱਚ ਅਧਿਕਾਰੀਆਂ ਵੱਲੋਂ ਪੁੱਛ-ਪੜਤਾਲ ਕੀਤੀ ਜਾ ਰਹੀ ਹੈ। ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਵੀ ਕੇ ਭਾਵਰਾ ਖ਼ੁਦ ਪੁਲੀਸ ਤਫ਼ਤੀਸ਼ ਦੀ ਨਜ਼ਰਸਾਨੀ ਕਰ ਰਹੇ ਹਨ ਪ੍ਰੰਤੂ ਇਸ ਮਾਮਲੇ ਨੂੰ ਹੱਲ ਕਰਨ ਲਈ ਰੂਪਨਗਰ ਰੇਂਜ ਦੇ ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਵੀ ਸਹਿਯੋਗ ਦੇ ਰਹੇ ਹਨ। ਉਧਰ, ਅੱਜ ਦੋ ਦਿਨ ਬਾਅਦ ਇਸ ਮਾਮਲੇ ਵਿੱਚ ਜਾਂਚ ਏਜੰਸੀਆਂ ਨੇ ਹਮਲੇ ਦੀ ਸੀਸੀਟੀਵੀ ਫੁਟੇਜ ਹਾਸਲ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ 38 ਸੈਕਿੰਡ ਦੀ ਫੁਟੇਜ ਵਿੱਚ ਇੱਕ ਸਫੇਦ ਰੰਗ ਦੀ ਕਾਰ ਇੰਟੈਲੀਜੈਂਸ ਵਿੰਗ ਦੇ ਮੁੱਖ ਦਫ਼ਤਰ ਵੱਲ ਆਉਂਦੀ ਦਿਖਾਈ ਦੇ ਰਹੀ ਹੈ। ਜਦੋਂ ਇਹ ਕਾਰ ਇੰਟੈਲੀਜੈਂਸ ਦਫ਼ਤਰ ਦੀ ਇਮਾਰਤ ਨਜ਼ਦੀਕ ਪਹੁੰਚਦੀ ਹੈ ਤਾਂ ਧਮਾਕਾ ਹੁੰਦਾ ਦਿਖਾਈ ਦੇ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਫੋਰੈਂਸਿਕ ਮਾਹਿਰਾਂ ਦੀ ਟੀਮ ਵੱਲੋਂ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਝਾੜੀਆਂ ’ਚੋਂ ਬਰਾਮਦ ਹੋਏ ਲਾਂਚਰ ਬਾਰੇ ਅਹਿਮ ਖੁਲਾਸੇ ਹੋਏ ਹਨ। ਸਭ ਤੋਂ ਪਹਿਲਾਂ ਇਹ ਲਾਂਚਰ ਉੱਥੇ ਮੱਝਾਂ ਚਾਰਨ ਵਾਲੀ ਪਿੰਡ ਲਖਨੌਰ ਦੀ ਵਿਧਵਾ ਸਵਿਤਾ ਕੌਰ (70) ਨੇ ਦੇਖਿਆ ਸੀ। ਉਹ ਜਦੋਂ ਪਸ਼ੂ ਚਾਰ ਰਹੀ ਸੀ ਤਾਂ ਇਕ ਮੱਝ ਦੇ ਖੁਰ ਵਿੱਚ ਲਾਂਚਰ ਖੁੱਭ ਗਿਆ ਸੀ। ਉਸ ਨੇ ਦੇਖਿਆ ਕਿ ਇਹ ਯੰਤਰ ਸ਼ਾਇਦ ਜਾਂਚ ਵਿੱਚ ਪੁਲੀਸ ਦੇ ਕੰਮ ਆ ਸਕਦਾ ਹੈ। ਉਸ ਨੇ ਇਸ ਦੀ ਜਾਣਕਾਰੀ ਤੁਰੰਤ ਉੱਥੇ ਨੇੜੇ ਹੀ ਖੜ੍ਹੇ ਪੁਲੀਸ ਮੁਲਾਜ਼ਮਾਂ ਨੂੰ ਦਿੱਤੀ। ਇਸ ਮਗਰੋਂ ਪੁਲੀਸ ਨੇ ਲਾਂਚਰ ਨੂੰ ਆਪਣੇ ਕਬਜ਼ੇ ਵਿੱਚ ਲਿਆ ਸੀ।
ਕਾਰ ਅੰਬਾਲਾ ਵੱਲ ਜਾਂਦੀ ਦਿਖੀ
ਮੁਲਜ਼ਮਾਂ ਦੀ ਪੈੜ ਨੱਪਣ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਦੀ ਹੋਈ ਪੁਲੀਸ ਦੀ ਜਾਂਚ ਟੀਮ ਜਦੋਂ ਦੱਪਰ ਟੋਲ ਪਲਾਜ਼ਾ ’ਤੇ ਪਹੁੰਚੀ ਤਾਂ ਇਹ ਪਤਾ ਕਿ ਇਕ ਸਫੇਦ ਰੰਗ ਦੀ ਸ਼ੱਕੀ ਸਵਿਫ਼ਟ ਕਾਰ ਅੰਬਾਲਾ ਵੱਲ ਗਈ ਹੈ। ਇਹ ਕਾਰ ਮੁਹਾਲੀ ਏਅਰਪੋਰਟ ਦੇ ਰਸਤੇ ਡੇਰਾਬੱਸੀ ਤੋਂ ਹੁੰਦੇ ਹੋਏ ਅੰਬਾਲਾ ਵੱਲ ਜਾਂਦੀ ਦੇਖੀ ਗਈ ਹੈ।