ਮਨੋਜ ਸ਼ਰਮਾ
ਬਠਿੰਡਾ, 12 ਜੂਨ
ਜ਼ਿਲ੍ਹਾ ਬਠਿੰਡਾ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਵਿੱਚ ਭਾਵੇਂ ਕਈ ਪ੍ਰਬੰਧ ਅਜੇ ਅਧੂਰੇ ਹਨ ਪਰ ਮਰੀਜ਼ਾਂ ਦੀ ਵੱੱਡੀ ਗਿਣਤੀ ’ਚ ਦੇਖਣ ਨੂੰ ਮਿਲ ਰਹੀ ਹੈ। ਸਵੇਰੇ 7 ਵਜੇ ਹਸਪਤਾਲ ਅੰਦਰ ਪਰਚੀ ਕਟਵਾਉਣ ਲਈ ਖਿੜਕੀ ਅੱਗੇ ਲੰਮੀਆਂ ਲਾਈਨਾਂ ਵਿੱਚ ਲੋਕ ਖੜ੍ਹਕੇ ਲੰਮਾ ਇੰਤਜ਼ਾਰ ਕਰਨ ਲਈ ਮਜਬੂਰ ਹਨ। ਏਮਜ਼ ਪ੍ਰਸ਼ਾਸਨ ਵੱਲੋਂ ਮਰੀਜ਼ਾਂ ਲਈ 4 ਵਿੰਡੋ ਸਥਾਪਤ ਕੀਤੀਆਂ ਗਈਆਂ ਹਨ ਤੇ ਸਭ ਤੋਂ ਲੰਬੀ ਲਾਈਨ ਬਜ਼ੁਰਗਾਂ ਦੀ ਖਿੜਕੀ ’ਤੇ ਹੁੰਦੀ ਹੈ। ਗੁਆਂਢੀ ਸੂਬੇ ਹਰਿਆਣਾ ਸਿਰਸਾ ਤੋਂ ਆਏ ਰਾਮ ਪ੍ਰਸ਼ਾਦ ਨੇ ਦੱਸਿਆ ਕਿ ਉਹ ਆਪਣੇ ਗੋਡਿਆਂ ਤੋਂ ਤੰਗ ਪਿਤਾ ਨੂੰ ਦਿਖਾਉਣ ਲਈ ਏਮਜ਼ ਪੁੱਜਾ ਹੈ। ਉਸ ਦਾ ਕਹਿਣਾ ਹੈ ਕਿ ਉਹ ਸਵੇਰੇ 7 ਵਜੇ ਦਾ ਲਾਈਨ ’ਚ ਲੱਗਾ ਹੋਇਆ ਹੈ ਤੇ ਖਿੜਕੀ 8.30 ਵਜੇ ਸ਼ੁਰੂ ਹੋਈ ਹੈ ਜਦਕਿ ਉਹ 11 ਵਜੇ ਤਕ ਪਰਚੀ ਕਟਾਉਣ ਵਿੱਚ ਸਫ਼ਲ ਹੋਇਆ ਹੈ। ਇਸ ਤੋਂ ਇਲਾਵਾ ਇੱਕ ਹੋਰ ਮਰੀਜ਼ ਬਰਜਿੰਦਰ ਸਿੰਘ ਮਾਲਵਾ ਦੇ ਇੱਕ ਪਿੰਡ ਵਿੱਚੋਂ ਪੁੱਜਾ ਹੋਇਆ ਹੈ ਤੇ ਉਸ ਦਾ ਕਹਿਣਾ ਕਿ ਬਜ਼ੁਰਗਾਂ ਵਾਲੀ ਖਿੜਕੀ ’ਤੇ ਲੰਮੀਆਂ ਲਾਈਨਾਂ ਦੇਖ ਕੇ ਪਹਿਲਾਂ ਤੋਂ ਉਹ ਵਾਪਸ ਚਲਾ ਗਿਆ ਸੀ ਤੇ ਅੱਜ ਉਹ ਸਵੇਰ ਵੇਲੇ ਤੋਂ ਲਾਈਨ ’ਚ ਲੱਗਾ ਹੋਇਆ ਹੈ। ਉਨ੍ਹਾਂ ਗਿਲਾ ਜ਼ਾਹਰ ਕੀਤਾ ਕਿ ਹਸਪਤਾਲ ’ਚ ਬਜ਼ੁਰਗਾਂ ਲਈ ਵਿਸ਼ੇਸ਼ ਸਹੂਲਤਾਂ ਨਹੀਂ ਹੈ ਜਦਕਿ ਮਹਿਲਾਵਾਂ ਲਈ ਵੱਖਰੀ ਲਾਈਨ ਨਹੀਂ ਬਣਾਈ ਗਈ। ਆਪਣੀ ਵਾਰੀ ਦੀ ਉਡੀਕ ਕਰ ਰਹੇ ਬਜ਼ੁਰਗਾਂ ਨੇ ਦੱਸਿਆ ਕਿ ਡਾਕਟਰਾਂ ਨੂੰ ਦਿਖਾਉਣ ਵਾਸਤੇ ਵੀ ਘੰਟਿਆਂਬੱਧੀ ਵਾਰੀ ਦੀ ਉਡੀਕ ਕਰਨੀ ਪੈਂਦੀ ਹੈ ਅਤੇ ਉੱਤੋਂ ਸਿਤਮਜ਼ਰੀਫ਼ੀ ਇਹ ਹੈ ਕਿ ਟੈਸਟਾਂ ਦੀ ਰਿਪੋਰਟ ਵੀ ਅਗਲੇ ਦਿਨ ਮਿਲਣ ਕਾਰਨ ਉਨ੍ਹਾਂ ਨੂੰ ਹੋਰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਠਿੰਡਾ ਦੀ ਸਮਾਜ ਸੇਵੀ ਸੰਸਥਾ ਸਹਿਯੋਗ ਵੈੱਲਫੇਅਰ ਸੰਸਥਾ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਨੇ ਮੰਗ ਕੀਤੀ ਕਿ ਓਪੀਡੀ ’ਚ ਵਿੰਡੋਜ਼ ਦੀ ਗਿਣਤੀ ਵਧਾ ਕੇ ਅੱਠ ਕੀਤੀ ਜਾਵੇ। ਉਨ੍ਹਾਂ ਉਨ੍ਹਾਂ ਦੱਸਿਆ ਕਿ ਐਮਆਰਆਈ ਲਈ ਇੱਕ ਮਹੀਨੇ ਦੀ ਵੇਟਿੰਗ ਚੱਲ ਰਹੀ ਹੈ।
ਸਮੱਸਿਆਵਾਂ ਦਾ ਹੱਲ ਜਲਦੀ ਕੀਤਾ ਜਾਵੇਗਾ: ਡਾਇਰੈਕਟਰ
ਏਮਜ਼ ਦੇ ਡਾਇਰੈਕਟਰ ਡਾ. ਦਿਨੇਸ਼ ਕੁਮਾਰ ਸਿੰਘ ਨੇ ਦੱਸਿਆ ਕਿ ਏਮਜ਼ ਵੱਲੋਂ ਆਈਪੀਡੀ ਜਲਦੀ ਸ਼ੁਰੂ ਕੀਤੀ ਜਾ ਰਹੀ ਹੈ।ਜਦੋਂ ਓਪੀਡੀ ਦੀ ਵਿੰਡੋ ਵਿੱਚ ਵਾਧਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂਕਿਹਾ ਕਿ ਇਸ ਮਸਲੇ ਨੂੰ ਜਲਦੀ ਹੀ ਹੱਲ ਕੀਤਾ ਜਾਵੇਗਾ। ਉਨ੍ਹਾਂ ਹਸਪਤਾਲ ’ਚ ਆਉਣ ਵਾਲੇ ਪੁਰਾਣੇ ਮਰੀਜ਼ਾਂ ਨੂੰ ਅਪੀਲ ਕੀਤੀ ਕਿ ਉਹ ਦੂਜੇ ਦਿਨ ਚੈੱਕਅੱਪ ਲਈ 2 ਵਜੇ ਤੋਂ ਬਾਅਦ ਹੀ ਹਸਪਤਾਲ ਵਿੱਚ ਆਉਣ ਤਾਂ ਜੋ ਖਿੜਕੀ ’ਤੇ ਭੀੜ ਇਕੱਠੀ ਨਾ ਹੋਵੇ।