ਜਸਬੀਰ ਸਿੰਘ ਚਾਨਾ
ਫਗਵਾੜਾ, 16 ਮਾਰਚ
ਯੂਨਾਈਟਡ ਫ਼ੋਰਮ ਆਫ਼ ਬੈਂਕ ਯੂਨੀਅਨ ਦੇ 15, 16 ਮਾਰਚ ਦੀ ਦੇਸ਼ਿਵਆਪੀ ਹੜਤਾਲ ਦੇ ਸੱਦੇ ’ਤੇ ਦੂਜੇ ਦਿਨ ਵੀ ਸਮੂਹ ਸਰਕਾਰੀ ਬੈਂਕਾਂ ਦੇ ਮੁਲਾਜ਼ਮਾਂ ਨੇ ਨਿੱਜੀਕਰਨ ਦੇ ਖ਼ਿਲਾਫ਼ ਫਗਵਾੜਾ ’ਚ ਹੜਤਾਲ ਕੀਤੀ ਅਤੇ ਰੋਸ ਮਾਰਚ ਕੀਤਾ ਗਿਆ। ਰੋਸ ਮਾਰਚ ਦੀ ਅਗਵਾਈ ਕਰਦਿਆਂ ਪੰਜਾਬ ਬੈਂਕ ਐਂਪਲਾਈਜ਼ ਫੈਡਰੇਸ਼ਨ ਦੇ ਜ਼ੋਨਲ ਸਕੱਤਰ ਨਰਿੰਦਰ ਸਿੰਘ ਅਤੇ ਸਟੇਟ ਬੈਂਕ ਆਫ਼ ਇੰਡੀਆ ਦੇ ਜ਼ੋਨਲ ਸਕੱਤਰ ਰੋਹਿਤ ਕਟਾਰੀਆ, ਬੈਂਕ ਆਫ਼ ਇੰਡੀਆ ਦੇ ਪਰਵਿੰਦਰ ਕੁਮਾਰ ਰਾਜੂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਰੁਝਾਨ ਵਿਸ਼ੇਸ਼ ਤੌਰ ’ਤੇ ਪੂੰਜੀਪਤੀਆਂ ਦੇ ਵੱਲ ਹੈ। ਉਨ੍ਹਾਂ ਕਿਹਾ ਕਿ ਬੈਂਕ ਮੁਲਾਜ਼ਮ ਇਸ ਤਰ੍ਹਾਂ ਦੀ ਮੁਲਾਜ਼ਮ ਮਾਰੂ ਤੇ ਲੋਕ ਮਾਰੂ ਫ਼ੈਸਲੇ ਦਾ ਵਿਰੋਧ ਕਰਦੇ ਹਨ ਤੇ ਲੋਕਾਂ ਪਾਸੋਂ ਇਸ ’ਚ ਸਹਿਯੋਗ ਦੀ ਮੰਗ ਕਰਦੇ ਹਨ।
ਬਲਾਚੌਰ (ਗੁਰਦੇਵ ਸਿੰਘ ਗਹੂੰਣ): ਯੂਨਾਈਟਿਡ ਫੋਰਮ ਆਫ ਬੈਂਕਿੰਗ ਯੂਨੀਅਨ ਵੱਲੋਂ ਕੇਂਦਰ ਸਰਕਾਰ ਦੀ ਬੈਂਕਾਂ ਦੇ ਨਿੱਜੀਕਰਨ ਦੀ ਨੀਤੀ ਖ਼ਿਲਾਫ਼ ਦੋ ਦਿਨਾਂ ਹੜਤਾਲ ਦੀ ਦਿੱਤੀ ਗਈ ਕਾਲ ਦੇ ਦੂਜੇ ਦਿਨ ਵੀ ਬਲਾਚੌਰ ਸ਼ਹਿਰ, ਮਜਾਰੀ, ਸਾਹਿਬਾ, ਸੜੋਆ ਅਤੇ ਕਾਠਗੜ੍ਹ ਆਦਿ ਕਸਬਿਆਂ ਦੇ ਸਾਰੇ ਕੌਮੀਕ੍ਰਿਤ ਬੈਂਕ 100 ਫੀਸਦ ਬੰਦ ਰਹੇ, ਜਿਸ ਦੇ ਸਿੱਟੇ ਵਜੋਂ ਪੈਸੇ ਜਮ੍ਹਾਂ ਕਰਨ ਅਤੇ ਕਢਵਾਉਣ ਅਤੇ ਹੋਰ ਵਪਾਰਕ ਲੈਣ ਦੇਣ ਕਰਨ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਪਠਾਨਕੋਟ (ਐੱਨਪੀ ਧਵਨ): ਯੂਨਾਈਟਡ ਫੋਰਮ ਆਫ ਬੈਂਕ ਅਫਸਰ ਯੂਨੀਅਨ ਦੇ ਸੱਦੇ ’ਤੇ ਅੱਜ ਦੂਜੇ ਦਿਨ ਵੀ ਜ਼ਿਲ੍ਹੇ ਦੇ ਸਰਕਾਰੀ ਬੈਂਕ ਬੰਦ ਰਹੇ। ਇਸ ਹੜਤਾਲ ਕਾਰਨ ਜ਼ਿਲ੍ਹੇ ਭਰ ਦੇ ਬੈਂਕਾਂ ਵਿੱਚ ਅੱਜ ਵੀ ਕੋਈ ਕਾਰੋਬਾਰ ਨਹੀਂ ਹੋਇਆ, ਜਿਸ ਨਾਲ ਲਗਭਗ 90 ਕਰੋੜ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।